ਆਸਟ੍ਰੇਲੀਆ ਦੇ ਟਾਪੂ ''ਤੇ ਪੰਜ ਸਪਰਮ ਵ੍ਹੇਲਜ਼ ਦੀ ਮੌਤ, ਬੀਚ ਨੂੰ ਕੀਤਾ ਬੰਦ
Wednesday, Oct 09, 2024 - 04:04 PM (IST)
ਸਿਡਨੀ : ਆਸਟ੍ਰੇਲੀਆ ਦੇ ਦੱਖਣੀ ਤੱਟ 'ਤੇ ਇਕ ਟਾਪੂ 'ਤੇ ਫਸਣ ਕਾਰਨ ਪੰਜ ਸਪਰਮ ਵ੍ਹੇਲਜ਼ ਦੀ ਮੌਤ ਹੋ ਗਈ। ਵ੍ਹੇਲਜ਼ ਐਤਵਾਰ ਰਾਤ ਨੂੰ ਆਸਟ੍ਰੇਲੀਆਈ ਦੇ ਤਸਮਾਨੀਆ ਦੇ ਵਿਚਕਾਰ ਸਥਿਤ ਫਲਿੰਡਰਜ਼ ਟਾਪੂ ਦੇ ਤੱਟ 'ਤੇ ਇੱਕ ਬੀਚ 'ਤੇ ਮਿਲੀਆਂ ਤੇ ਇਸ ਬਾਰੇ ਤਸਮਾਨੀਆ ਦੇ ਸਮੁੰਦਰੀ ਸੁਰੱਖਿਆ ਪ੍ਰੋਗਰਾਮ ਨੂੰ ਰਿਪੋਰਟ ਕੀਤੀ ਗਈ। ਇਸ ਦੀ ਜਾਣਕਾਰੀ ਸਿਨਹੂਆ ਨਿਊਜ਼ ਏਜੰਸੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਸੋਮਵਾਰ ਸਵੇਰੇ ਸਮੁੰਦਰੀ ਤੱਟ 'ਤੇ ਵ੍ਹੇਲ ਮੱਛੀਆਂ ਦਾ ਮੁਆਇਨਾ ਕਰਨ ਲਈ ਪਹੁੰਚੇ ਅਤੇ ਉਨ੍ਹਾਂ 'ਚੋਂ ਤਿੰਨ ਨੂੰ ਮ੍ਰਿਤਕ ਪਾਇਆ। ਬਾਕੀ ਦੋ ਦੀ ਦੇਖਭਾਲ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ। ਕੁਦਰਤੀ ਸਰੋਤ ਤੇ ਵਾਤਾਵਰਨ ਵਿਭਾਗ ਤਸਮਾਨੀਆ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਰੀਆਂ ਹੋਈਆਂ ਸਪਰਮ ਵ੍ਹੇਲਜ਼ ਤੋਂ ਨਮੂਨੇ ਲਏ ਜਾਣਗੇ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਪਾਰਕਸ ਐਂਡ ਵਾਈਲਡ ਲਾਈਫ ਸਰਵਿਸ (ਪੀਡਬਲਯੂਐੱਸ) ਦੇ ਸਟਾਫ਼ ਰਿਸਰਚ ਲਈ ਕੀਮਤੀ ਨਮੂਨੇ ਇਕੱਠੇ ਕਰਨਗੇ ਤਾਂ ਜੋ ਪ੍ਰਜਾਤੀਆਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਤੇ ਉਹ ਕਿਉਂ ਫਸਦੇ ਹਨ।
ਸਥਾਨਕ ਕੌਂਸਲ ਨੇ ਬੀਚ ਖੇਤਰ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਤੇ ਇੱਕ ਬਿਆਨ 'ਚ ਕਿਹਾ ਕਿ ਵ੍ਹੇਲ ਇੱਕ ਸੁਰੱਖਿਅਤ ਪ੍ਰਜਾਤੀ ਹੈ ਤੇ ਇਸ ਦੀ ਲਾਸ਼ ਦੇ ਨਾਲ ਛੇੜਖਾਨੀ ਕਰਨਾ ਇੱਕ ਅਪਰਾਧ ਹੈ। ਬਿਆਨ 'ਚ ਅੱਗੇ ਕਿਹਾ ਗਿਆ ਕਿ ਅਸੀਂ ਪਾਣੀ ਪ੍ਰੇਮੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦਿੰਦੇ ਹਾਂ, ਕਿਉਂਕਿ ਖੇਤਰ 'ਚ ਕੁਝ ਸਮੇਂ ਲਈ ਸ਼ਾਰਕ ਦੀ ਮੌਜੂਦਗੀ ਵਧ ਸਕਦੀ ਹੈ। ਇਹ ਤਸਮਾਨੀਆ 'ਚ ਵ੍ਹੇਲ ਸਟ੍ਰੈਂਡਿੰਗਜ਼ ਦਾ ਇਕ ਤਾਜ਼ਾ ਮਾਮਲਾ ਹੈ।
ਇਸ ਤੋਂ ਪਹਿਲਾਂ ਨਵੰਬਰ 2023 'ਚ ਤਸਮਾਨੀਆ ਦੇ ਪੂਰਬੀ ਤੱਟ 'ਤੇ 30 ਤੋਂ ਵੱਧ ਪਾਇਲਟ ਵ੍ਹੇਲਜ਼ ਦੀ ਮੌਤ ਹੋ ਗਈ। ਸਤੰਬਰ 2022 'ਚ ਰਾਜ ਦੇ ਪੱਛਮੀ ਤੱਟ 'ਤੇ ਫਸੀਆਂ ਲਗਭਗ 200 ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ, ਸਤੰਬਰ 2020 'ਚ 470 ਪਾਇਲਟ ਵ੍ਹੇਲਜ਼ ਵੀ ਇਸੇ ਇਲਾਕੇ 'ਚ ਫਸੀਆਂ ਪਾਈਆਂ ਗਈਆਂ। ਇਸ ਦੌਰਾਨ 350 ਤੋਂ ਵੱਧ ਦੀ ਮੌਤ ਹੋ ਗਈ।