ਅਮਰੀਕਾ 'ਚ ਇਤਿਹਾਸ ਰਚਣਗੇ 5 ਭਾਰਤੀ, ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਚੋਣਾਂ 'ਚ ਜਿੱਤ ਲਗਭਗ ਤੈਅ

11/05/2022 11:01:58 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ 8 ਨਵੰਬਰ ਨੂੰ ਪ੍ਰਤੀਨਿਧੀ ਸਭਾ ਲਈ ਹੋਣ ਵਾਲੀਆਂ ਮੱਧਕਾਲੀ ਚੋਣਾਂ ਦੀ ਦੌੜ ਵਿੱਚ ਭਾਰਤੀ ਮੂਲ ਦੇ 5 ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਜੇਕਰ ਚੋਣ ਵਿਸ਼ਲੇਸ਼ਕਾਂ ਦੀ ਰਾਏ ਮੰਨੀ ਜਾਵੇ ਤਾਂ ਇਨ੍ਹਾਂ ਭਾਰਤੀ-ਅਮਰੀਕੀਆਂ ਦੇ ਪ੍ਰਤੀਨਿਧੀ ਸਭਾ ਲਈ ਚੁਣੇ ਜਾਣ ਦੀ 100 ਫ਼ੀਸਦੀ ਸੰਭਾਵਨਾ ਹੈ। 4 ਮੌਜੂਦਾ ਸੰਸਦ ਮੈਂਬਰ ਐਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਦੇ ਮੁੜ ਚੁਣੇ ਜਾਣ ਦੀ ਉਮੀਦ ਹੈ। ਚਾਰੋਂ ਡੈਮੋਕ੍ਰੇਟਿਕ ਪਾਰਟੀ ਦੇ ਹਨ।

ਇਹ ਵੀ ਪੜ੍ਹੋ: ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਇਸਲਾਮਾਬਾਦ 'ਚ ਲਗਾਇਆ ਗਿਆ ਲਾਕਡਾਊਨ

ਪ੍ਰਤੀਨਿਧੀ ਸਭਾ ਵਿੱਚ ਭਾਰਤੀ ਅਮਰੀਕੀਆਂ ਦੇ ਤਥਾ-ਕਥਿਤ ‘ਸਮੋਸਾ ਕਾਕਸ’ ਵਿੱਚ ਉਦਯੋਗਪਤੀ ਅਤੇ ਕਾਰੋਬਾਰੀ ਸ਼੍ਰੀ ਥਾਣੇਦਾਰ ਵੀ ਸ਼ਾਮਲ ਹੋ ਸਕਦੇ ਹਨ, ਜੋ ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਚੋਣ ਲੜ ਰਹੇ ਹਨ। ਇਨ੍ਹਾਂ ਵਿਚ ਸਭ ਤੋਂ ਸੀਨੀਅਰ ਮੈਂਬਰ  ਬੇਰਾ ਕੈਲੀਫੋਰਨੀਆ ਦੇ ਸੱਤਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਪ੍ਰਤੀਨਿਧੀ ਸਭਾ ਲਈ ਛੇਵੀਂ ਵਾਰ ਚੋਣ ਲੜ ਰਹੇ ਹਨ। ਉਥੇ ਹੀ ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਲਗਾਤਾਰ ਚੌਥੀ ਵਾਰ ਦੌੜ ਵਿੱਚ ਹਨ। ਸਿਆਸੀ ਮਾਹਿਰਾਂ ਅਨੁਸਾਰ ਚਾਰੇ ਉਮੀਦਵਾਰ ਆਪਣੇ ਰਿਪਬਲਿਕਨ ਵਿਰੋਧੀਆਂ ਦੇ ਮੁਕਾਬਲੇ ਮਜ਼ਬੂਤ ​​ਸਥਿਤੀ ਵਿੱਚ ਹਨ ਅਤੇ ਥਾਣੇਦਾਰ ਦੀ ਸਥਿਤੀ ਵੀ ਮਜ਼ਬੂਤ ​​ਨਜ਼ਰ ਆ ਰਹੀ ਹੈ।

ਥਾਣੇਦਾਰ ਜੇਕਰ ਚੁਣੇ ਜਾਂਦੇ ਹਨ ਤਾਂ ਬੇਰਾ, ਖੰਨਾ, ਕ੍ਰਿਸ਼ਨਾਮੂਰਤੀ ਅਤੇ ਜੈਪਾਲ ਦੇ ਨਾਲ ਅਗਲੀ ਕਾਂਗਰਸ ਵਿੱਚ ਪੰਜਵੇਂ ਭਾਰਤੀ-ਅਮਰੀਕੀ ਹੋਣਗੇ। ਚੇਨਈ ਵਿੱਚ ਜਨਮੀ ਜੈਪਾਲ (57) ਪ੍ਰਤੀਨਿਧੀ ਸਭਾ ਲਈ ਚੁਣੀ ਜਾਣ ਵਾਲੀ ਪਹਿਲੀ ਅਤੇ ਇਕਲੌਤੀ ਭਾਰਤੀ-ਅਮਰੀਕੀ ਔਰਤ ਹੈ। ਇੱਕ ਹੋਰ ਭਾਰਤੀ-ਅਮਰੀਕੀ ਇਸ ਚੋਣ ਵਿੱਚ ਮੈਰੀਲੈਂਡ ਸੂਬੇ ਵਿੱਚ ਇਤਿਹਾਸ ਰਚਣ ਲਈ ਤਿਆਰ ਹੈ। ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਸਾਬਕਾ ਮੈਂਬਰ ਅਰੁਣਾ ਮਿਲਰ ਡੈਮੋਕ੍ਰੇਟਿਕ ਪਾਰਟੀ ਦੀ ਟਿਕਟ 'ਤੇ ਸੂਬੇ ਦੇ ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਚੋਣ ਲੜ ਰਹੀ ਹੈ।

ਇਹ ਵੀ ਪੜ੍ਹੋ: ਇਸ ਕਾਕਟੇਲ ਡ੍ਰਿੰਕ ’ਚ ਮਿਲਿਆ ਹੈ 24 ਕੈਰੇਟ ਸੋਨਾ, ਕੀਮਤ 12.35 ਲੱਖ ਰੁਪਏ!

ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਉਨ੍ਹਾਂ ਦੀ ਜਿੱਤ ਯਕੀਨੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਮੈਰੀਲੈਂਡ ਵਿੱਚ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਮਰੀਕੀ ਹੋਵੇਗੀ। ਇਸ ਦੌਰਾਨ, ਡੈਮੋਕਰੇਟਸ ਅਤੇ ਰਿਪਬਲਿਕਨ ਉਮੀਦਵਾਰਾਂ ਨੇ 8 ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਭਾਰਤੀ-ਅਮਰੀਕੀਆਂ ਤੱਕ ਪਹੁੰਚਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਦਿ ਵਾਸ਼ਿੰਗਟਨ ਪੋਸਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ-ਅਮਰੀਕੀ ਕੁਝ ਸਖ਼ਤ ਮੁਕਾਬਲਿਆਂ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


cherry

Content Editor

Related News