ਗਲਾਸਗੋ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ
Sunday, Sep 06, 2020 - 10:31 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਗਲਾਸਗੋ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਐਲਬਰਟ ਡਰਾਈਵ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਹਰਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਬਾਬਾ ਬੁੱਢਾ ਜੀ ਦਲ ਵੱਲੋਂ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ। ਸਮਾਗਮ ਦੀ ਸਮਾਪਤੀ ਮੌਕੇ ਪਾਠਾਂ ਦੇ ਭੋਗ ਪਾਏ ਗਏ।
ਇਸ ਸਮੇਂ ਭਾਈ ਅਮਰੀਕ ਸਿੰਘ, ਭਾਈ ਬਲਦੇਵ ਸਿੰਘ ਤੇ ਭਾਈ ਸੁਰਿੰਦਰ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਅਮਰੀਕ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ 1604 ਨੂੰ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਇਆ ਸੀ। ਇਸ ਦਿਨ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਾਬਾ ਬੁੱਢਾ ਜੀ ਦੇ ਸੀਸ 'ਤੇ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਮਿੰਦਰ ਸਾਹਿਬ ਲਿਜਾਇਆ ਗਿਆ ਸੀ। ਉਸ ਸਮੇਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਚੌਰ ਦੀ ਸੇਵਾ ਕਰ ਰਹੇ ਸਨ। ਸਮਾਗਮ ਦੀ ਸਮਾਪਤੀ ਮੌਕੇ ਹਰਜੀਤ ਸਿੰਘ ਖਹਿਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।