ਅਫਗਾਨ ਤਾਲਿਬਾਨ ਬਲਾਂ ਦੀ ਗੋਲੀਬਾਰੀ ''ਚ ਇਕ ਪਾਕਿ ਫੌਜੀ ਦੀ ਮੌਤ ਤੇ 11 ਹੋਰ ਜ਼ਖਮੀ

Sunday, Dec 29, 2024 - 02:29 PM (IST)

ਅਫਗਾਨ ਤਾਲਿਬਾਨ ਬਲਾਂ ਦੀ ਗੋਲੀਬਾਰੀ ''ਚ ਇਕ ਪਾਕਿ ਫੌਜੀ ਦੀ ਮੌਤ ਤੇ 11 ਹੋਰ ਜ਼ਖਮੀ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨੀ ਸਰਹੱਦੀ ਚੌਕੀਆਂ 'ਤੇ ਅਫਗਾਨ ਤਾਲਿਬਾਨ ਬਲਾਂ ਵਲੋਂ ਕੀਤੀ ਗੋਲੀਬਾਰੀ ਵਿਚ ਪਾਕਿਸਤਾਨੀ ਨੀਮ ਫੌਜੀ ਬਲ ਦਾ ਇਕ ਜਵਾਨ ਮਾਰਿਆ ਗਿਆ ਅਤੇ 11 ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਦੀ ਘਟਨਾ ਪਾਕਿਸਤਾਨ ਵੱਲੋਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਤੋਂ ਕੁਝ ਦਿਨ ਬਾਅਦ ਹੋਈ ਹੈ।

ਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਅਫਗਾਨ ਸੈਨਿਕਾਂ ਨੇ ਸ਼ਨੀਵਾਰ ਸਵੇਰੇ 'ਅੱਪਰ ਕੁਰਮ' ਜ਼ਿਲੇ 'ਚ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ 'ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਅਫਗਾਨ ਸੈਨਿਕਾਂ ਨੇ ਘੋਜਗੜ੍ਹੀ, ਮਥਾ ਸੰਗਰ, ਕੋਟ ਰਾਘਾ ਅਤੇ ਤਾਰੀ ਮੇਂਗਲ ਖੇਤਰਾਂ 'ਚ ਸਥਿਤ ਸਰਹੱਦੀ ਚੌਕੀਆਂ 'ਤੇ ਹਲਕੇ ਅਤੇ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਦੂਜੇ ਪਾਸੇ ਭਾਰੀ ਨੁਕਸਾਨ ਹੋਇਆ ਅਤੇ ਗੋਲੀਬਾਰੀ 'ਚ ਸੱਤ ਤੋਂ ਅੱਠ ਅਫਗਾਨ ਫੌਜੀ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ 'ਚ ਪਾਕਿਸਤਾਨ 'ਫਰੰਟੀਅਰ ਕਾਂਸਟੇਬਲਰੀ' ਦਾ ਇਕ ਸਿਪਾਹੀ ਮਾਰਿਆ ਗਿਆ ਅਤੇ 11 ਹੋਰ ਜਵਾਨ ਜ਼ਖਮੀ ਹੋ ਗਏ। ਗੋਲੀਬਾਰੀ ਦੀ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਾਬੰਦੀਸ਼ੁਦਾ ਟੀਟੀਪੀ ਅੱਤਵਾਦੀਆਂ 'ਤੇ ਹਮਲਾ ਕੀਤਾ।

ਸ਼ੁੱਕਰਵਾਰ ਰਾਤ ਨੂੰ ਅੱਤਵਾਦੀਆਂ ਨੇ ਅਫਗਾਨ ਤਾਲਿਬਾਨ ਦੁਆਰਾ ਨਿਯੰਤਰਿਤ ਪੋਸਟਾਂ ਦੀ ਵਰਤੋਂ ਕਰਕੇ ਪਾਕਿਸਤਾਨੀ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਨੀਵਾਰ ਨੂੰ ਅਫਗਾਨ ਤਾਲਿਬਾਨ ਬਲਾਂ ਨੇ ਹਮਲਾ ਕੀਤਾ।


author

Baljit Singh

Content Editor

Related News