ਅਮਰੀਕਾ : ਕੈਮੀਕਲ ਟੈਂਕ 'ਚ ਜ਼ਬਰਦਸਤ ਧਮਾਕਾ! 2 ਦੀ ਮੌਤ, 9 ਲਾਪਤਾ
Thursday, May 28, 2026 - 10:58 AM (IST)
ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿੱਚ ਇੱਕ ਪੇਪਰ ਮਿੱਲ ਵਿੱਚ ਵਾਪਰੇ ਰੂਹ ਕੰਬਾਊ ਹਾਦਸੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਲੌਂਗਵਿਊ ਸ਼ਹਿਰ ਵਿੱਚ ਸਥਿਤ ਇੱਕ ਮਿੱਲ ਵਿੱਚ ਕੈਮੀਕਲ ਟੈਂਕ ਫਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ , ਜਦਕਿ ਨੌਂ ਹੋਰ ਕਰਮਚਾਰੀ ਲਾਪਤਾ ਹਨ, ਜਿਨ੍ਹਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਜਾਪਾਨ ਦੇ 'ਨਿਪੋਨ ਪੇਪਰ ਗਰੁੱਪ' ਦੀ ਸਹਾਇਕ ਕੰਪਨੀ 'ਨਿਪੋਨ ਡਾਇਨਾਵੇਵ ਪੈਕੇਜਿੰਗ' ਦੇ ਪਲਾਂਟ ਵਿੱਚ ਵਾਪਰਿਆ। ਜਿਸ ਟੈਂਕ ਵਿੱਚ ਧਮਾਕਾ ਹੋਇਆ, ਉਸ ਵਿੱਚ ਲਗਭਗ 9 ਲੱਖ ਗੈਲਨ 'ਵਾਈਟ ਲਿਕਰ' (white liquor) ਭਰਿਆ ਹੋਇਆ ਸੀ। ਇਹ ਇੱਕ ਬਹੁਤ ਹੀ ਖ਼ਤਰਨਾਕ ਅਤੇ ਖ਼ੋਰਨ ਵਾਲਾ ਕੈਮੀਕਲ ਘੋਲ ਹੈ, ਜੋ ਕਾਗਜ਼ ਬਣਾਉਣ ਲਈ ਲੱਕੜ ਦੀ ਲੁਗਦੀ ਤਿਆਰ ਕਰਨ ਵੇਲੇ ਵਰਤਿਆ ਜਾਂਦਾ ਹੈ।ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਧਿਕਾਰੀ ਇਸ ਸੰਭਾਵਨਾ ਲਈ ਤਿਆਰ ਹਨ ਕਿ ਇਹ "ਆਧੁਨਿਕ ਵਾਸ਼ਿੰਗਟਨ ਰਾਜ ਦੇ ਇਤਿਹਾਸ ਦਾ ਸਭ ਤੋਂ ਘਾਤਕ ਉਦਯੋਗਿਕ ਦੁਖਾਂਤ" ਬਣ ਸਕਦਾ ਹੈ। ਅਮਰੀਕੀ ਕੈਮੀਕਲ ਸੇਫਟੀ ਅਤੇ ਹਜ਼ਾਰਡ ਇਨਵੈਸਟੀਗੇਸ਼ਨ ਬੋਰਡ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ! ਲੱਗੇ ਗੰਭੀਰ ਦੋਸ਼
ਸਥਾਨਕ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਫਟਣ ਨਾਲ ਭਾਰੀ ਮਾਤਰਾ ਵਿੱਚ ਖ਼ਤਰਨਾਕ ਕੈਮੀਕਲ ਫੈਲ ਗਿਆ ਹੈ, ਜਿਸ ਕਾਰਨ ਬਚਾਅ ਕਾਰਜ ਬਹੁਤ ਹੌਲੀ ਅਤੇ ਖ਼ਤਰਨਾਕ ਹੋ ਗਏ ਹਨ। ਟੈਂਕ ਦੇ ਨੁਕਸਾਨੇ ਗਏ ਢਾਂਚੇ ਦੇ ਡਿੱਗਣ ਦਾ ਡਰ ਹੈ ਅਤੇ ਕੈਮੀਕਲ ਦੇ ਸੰਪਰਕ ਵਿੱਚ ਆਉਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਅਧਿਕਾਰੀਆਂ ਅਨੁਸਾਰ ਮਿਲੇ ਪੀੜਤਾਂ ਨੂੰ ਪਛਾਣ ਲਈ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ 'ਡੀਕੰਟੈਮੀਨੇਸ਼ਨ' (ਜ਼ਹਿਰੀਲੇ ਪਦਾਰਥਾਂ ਤੋਂ ਸਫ਼ਾਈ) ਕਰਨਾ ਜ਼ਰੂਰੀ ਹੈ।
ਇਸ ਹਾਦਸੇ ਦਾ ਅਸਰ ਵਾਤਾਵਰਣ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਸ਼ਹਿਰ ਦੀ ਹਵਾ ਅਤੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਦੱਸਿਆ ਗਿਆ ਹੈ, ਪਰ ਕੁਝ ਕੈਮੀਕਲ ਪ੍ਰਦੂਸ਼ਣ ਕੋਲੰਬੀਆ ਨਦੀ ਤੱਕ ਪਹੁੰਚ ਗਿਆ ਹੈ, ਜਿਸ ਦੀ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਾਰਾ ਧਿਆਨ ਇਸ ਸਮੇਂ ਲਾਪਤਾ ਲੋਕਾਂ ਦੀ ਭਾਲ ਅਤੇ ਪੀੜਤ ਪਰਿਵਾਰਾਂ ਦੀ ਮਦਦ 'ਤੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
