ਜ਼ੇਲੇਂਸਕੀ ਦਾ ਵੱਡਾ ਬਿਆਨ, ਕਿਹਾ-ਰੂਸ ਦੇ ਵਧਦੇ ਹਮਲੇ ਗੱਲਬਾਤ ਦੀ ਸੰਭਾਵਨਾ ਨੂੰ ਕਰਨਗੇ ਖ਼ਤਮ

04/17/2022 2:31:44 PM

ਕੀਵ (ਏਜੰਸੀ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਦੀ ਮਾਰੀਉਪੋਲ ਦੀ ਲਗਾਤਾਰ ਘੇਰਾਬੰਦੀ ਯੁੱਧ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਗੱਲਬਾਤ ਦੀਆਂ ਕੋਸ਼ਿਸ਼ਾਂ ਨੂੰ ਖ਼ਤਮ ਕਰ ਸਕਦੀ ਹੈ। ਜ਼ੇਲੇਂਸਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਮਾਰੀਉਪੋਲ ਵਿੱਚ ਸਾਡੇ ਸਾਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ - ਉਹ ਹੁਣ ਕੀ ਕਰ ਰਹੇ ਹਨ - ਇਹ ਗੱਲਬਾਤ ਦੀ ਹਰ ਕੋਸ਼ਿਸ਼ ਵਿੱਚ ਵਿਘਨ ਪਾ ਸਕਦਾ ਹੈ। ਜ਼ੇਲੇਂਸਕੀ ਨੇ ਰਾਸ਼ਟਰ ਦੇ ਨਾਮ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਮਾਰੀਉਪੋਲ ਨੂੰ ਬਚਾਉਣ ਲਈ ਯੂਕ੍ਰੇਨ ਨੂੰ ਪੱਛਮੀ ਦੇਸ਼ਾਂ ਤੋਂ ਹੋਰ ਜ਼ਿਆਦਾ ਮਦਦ ਦੀ ਲੋੜ ਹੈ। 

ਜ਼ੇਲੇਂਸਕੀ ਮੁਤਾਬਕ ਜਾਂ ਤਾਂ ਸਾਡੇ ਸਹਿਯੋਗੀ ਯੂਕ੍ਰੇਨ ਨੂੰ ਸਾਰੇ ਲੋੜੀਂਦੇ ਭਾਰੀ ਹਥਿਆਰ ਅਤੇ ਹਵਾਈ ਜਹਾਜ਼ ਤੁਰੰਤ ਮੁਹੱਈਆ ਕਰਾਉਣ ਤਾਂ ਜੋ ਅਸੀਂ ਮਾਰੀਉਪੋਲ 'ਤੇ ਕਬਜ਼ਾ ਕਰਨ ਵਾਲਿਆਂ ਦਾ ਸਾਹਮਣਾ ਕਰ ਸਕੀਏ ਅਤੇ ਰੁਕਾਵਟਾਂ ਨੂੰ ਦੂਰ ਕਰ ਸਕੀਏ ਜਾਂ ਫਿਰ ਅਸੀਂ ਗੱਲਬਾਤ ਰਾਹੀਂ ਅਜਿਹਾ ਕਰੀਏ, ਜਿਸ ਵਿੱਚ ਸਾਡੇ ਸਹਿਯੋਗੀਆਂ ਦੀ ਫੈਸਲਾਕੁੰਨ ਭੂਮਿਕਾ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮਾਰੀਉਪੋਲ ਵਿਚ ਸਥਿਤੀ "ਅਣਮਨੁੱਖੀ" ਹੈ ਅਤੇ ਇਹ ਕਿ ਰੂਸ "ਜਾਣਬੁੱਝ ਕੇ ਹਰ ਉਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਉੱਥੇ ਮੌਜੂਦ ਸੀ। ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਦਾਅਵਾ ਕੀਤਾ ਕਿ ਯੂਕ੍ਰੇਨੀ ਬਲਾਂ ਨੂੰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਹੁਣ ਉਹ ਸਿਰਫ਼ ਅਜੋਵਸਟਾਲ ਸਟੀਲ ਮਿੱਲ 'ਚ ਹੀ ਬਚੇ ਹਨ। ਇਸ ਤੋਂ ਪਹਿਲਾਂ ਉਸਨੇ ਅੰਦਾਜ਼ਾ ਲਗਾਇਆ ਸੀ ਕਿ ਯੁੱਧ ਵਿੱਚ 2,500 ਤੋਂ 3,000 ਯੂਕ੍ਰੇਨੀ ਸੈਨਿਕ ਮਾਰੇ ਗਏ ਸਨ ਅਤੇ ਲਗਭਗ 10,000 ਜ਼ਖਮੀ ਹੋਏ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਨਾਗਰਿਕਾਂ ਦੀ ਮਦਦ ਲਈ ਅੱਗੇ ਆਇਆ UAE, ਦੇਵੇਗਾ ਇਕ ਸਾਲ ਦਾ ਰਿਹਾਇਸ਼ੀ ਵੀਜ਼ਾ

ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਲੜਾਈ 'ਚ ਘੱਟੋ-ਘੱਟ 200 ਬੱਚੇ ਮਾਰੇ ਗਏ ਅਤੇ 360 ਤੋਂ ਵੱਧ ਜ਼ਖਮੀ ਹੋ ਗਏ। ਰੂਸੀ ਬਲਾਂ ਨੇ ਕੀਵ, ਪੱਛਮੀ ਯੂਕ੍ਰੇਨ ਅਤੇ ਹੋਰ ਹਿੱਸਿਆਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਯੂਕ੍ਰੇਨ ਅਤੇ ਉਸਦੇ ਸਹਿਯੋਗੀ ਪੱਛਮੀ ਦੇਸ਼ਾਂ ਲਈ ਚੇਤਾਵਨੀ ਹੈ ਕਿ ਪੂਰਾ ਦੇਸ਼ ਅਜੇ ਵੀ ਯੁੱਧ ਦੇ ਖ਼ਤਰੇ ਵਿੱਚ ਹੈ। ਰੂਸ ਨੇ ਯੂਕ੍ਰੇਨ ਦੀ ਰਾਜਧਾਨੀ 'ਤੇ ਹੋਰ ਮਿਜ਼ਾਈਲ ਹਮਲਿਆਂ ਦੀ ਚੇਤਾਵਨੀ ਦਿੱਤੀ ਹੈ, ਜੋ ਕਾਲੇ ਸਾਗਰ ਵਿੱਚ ਇੱਕ ਜਹਾਜ਼ ਦੇ ਡੁੱਬਣ ਕਾਰਨ ਹੋਏ ਨੁਕਸਾਨ ਅਤੇ ਰੂਸੀ ਖੇਤਰ 'ਤੇ ਯੂਕ੍ਰੇਨ ਦੇ ਕਥਿਤ ਹਮਲੇ ਕਾਰਨ ਹੋਏ ਨੁਕਸਾਨ ਤੋਂ ਵਧਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੂਰਬੀ ਯੂਕ੍ਰੇਨ ਦੇ ਖਾਰਕੀਵ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ 'ਤੇ ਰਾਕੇਟ ਦਾਗੇ ਗਏ। ਹਮਲੇ ਵਿੱਚ ਇੱਕ ਨਵਜੰਮੇ ਬੱਚੇ ਅਤੇ ਘੱਟੋ-ਘੱਟ ਅੱਠ ਹੋਰ ਲੋਕਾਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਦੇ ਬਾਹਰਵਾਰ 900 ਤੋਂ ਵੱਧ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਗੋਲੀ ਮਾਰ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀ ਵਿਦਿਆਰਥੀ ਕਰਨਵੀਰ ਸਿੰਘ ਦਾ ਕਤਲ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਸ਼ਨੀਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ਤੋਂ ਇਕ ਵਾਰ ਫਿਰ ਧੂੰਆਂ ਉੱਠਦਾ ਦੇਖਿਆ ਗਿਆ। ਮੇਅਰ ਵਿਟਾਲੀ ਕਲਿਟਸਕੋ ਨੇ ਹਮਲੇ ਦੀ ਸੂਚਨਾ ਦਿੱਤੀ ਅਤੇ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਰਾਜਧਾਨੀ ਛੱਡ ਕੇ ਵਾਪਸ ਨਾ ਜਾਣ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News