ਐਡਮਿੰਟਨ ਹਵਾਈ ਅੱਡੇ ਦੀ ਯਾਤਰੀਆਂ ਨੂੰ ਵੱਡੀ ਰਾਹਤ, ਪਲਾਂ 'ਚ ਮਿਲੇਗੀ ਕੋਰੋਨਾ ਦੀ ਰਿਪੋਰਟ

09/26/2020 9:19:44 AM

ਐਡਮਿੰਟਨ- ਕੋਰੋਨਾ ਵਾਇਰਸ ਕਾਰਨ ਬੰਦ ਹਵਾਈ ਉਡਾਣਾਂ ਕੈਨੇਡਾ ਸਣੇ ਕਈ ਦੇਸ਼ਾਂ ਨੇ ਮੁੜ ਬਹਾਲ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਦਾਖਲ ਹੋਣ ਵਾਲੇ ਲੋਕਾਂ ਦੇ ਟੈਸਟਾਂ ਤੇ ਇਕਾਂਤਵਾਸ ਕਰਨ ਦੀ ਭਾਰੀ ਖੱਜਲ-ਖੁਆਰੀ ਵਿਚ ਹੁਣ ਵੱਡੀ ਰਾਹਤ ਮਿਲਣ ਵਾਲੀ ਹੈ। ਐਡਮਿੰਟਨ ਹਵਾਈ ਅੱਡੇ ਵਲੋਂ ਐਡਮਿੰਟਨ ਦੀ ਇਕ ਕੰਪਨੀ ਨਾਲ ਮਿਲ ਕੇ ਜਲਦ ਹੀ ਏਅਰਪੋਰਟ ‘ਤੇ ਕੋਰੋਨਾ ਦੀ ਪੁਸ਼ਟੀ ਲਈ ਸਲਾਈਵਾ ਟੈਸਟ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਇਸ ਤਰ੍ਹਾਂ ਬਾਹਰੋਂ ਆਉਣ ਵਾਲੇ ਯਾਤਰੀਆਂ ਦੇ ਥੁੱਕ ਨਾਲ ਹੀ ਟੈਸਟ ਦੇ ਨਤੀਜੇ ਸਕਿੰਟਾਂ ਵਿਚ ਸਾਹਮਣੇ ਆ ਜਾਣਗੇ।  

ਯਾਤਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ, ਮੌਕੇ ‘ਤੇ ਹੀ ਪਤਾ ਲੱਗ ਜਾਏਗਾ। ਇਸ ਵੇਲੇ ਕੈਨੇਡਾ ਤੋਂ ਬਾਹਰੋਂ ਆਉਣ ਵਾਲੇ ਯਾਤਰੀ ਨੂੰ ਇਸ ਵੇਲੇ ਇਕਾਂਤਵਾਸ ਕਰਨ ਦੀ ਲੋੜ ਹੈ, ਪਰ ਜੇ ਇਹ ਟੈਸਟ ਕਾਮਯਾਬ ਹੋ ਗਿਆ ਤਾਂ ਯਾਤਰੀਆਂ ਦੀ ਖੱਜਲ-ਖੁਆਰੀ ਘਟੇਗੀ ਤੇ ਯਾਤਰੀਆਂ ਦੀ ਆਵਾਜਾਈ ਵੀ ਵਧੇਗੀ।

ਐਡਮਿੰਟਨ ਕੌਮਾਂਤਰੀ ਹਵਾਈ ਅੱਡਾ (ਈ. ਆਈ. ਏ.) ਇਸ ਲਈ ਕੰਮ ਕਰ ਰਿਹਾ ਹੈ ਤੇ ਆਸਵੰਦ ਹੈ ਕਿ ਇਹ ਪ੍ਰਣਾਲੀ ਕਾਰਗਾਰ ਹੋਵੇਗੀ। ਈ. ਆਈ. ਏ. ਦੇ ਪ੍ਰਧਾਨ ਅਤੇ ਸੀ. ਈ. ਪੀ. ਟੌਮ ਰੂਥ ਨੇ ਵੀਰਵਾਰ ਨੂੰ ਇਹ ਖ਼ਬਰ ਜਾਰੀ ਕੀਤੀ। ਮਾਹਰਾਂ ਨੇ ਦੱਸਿਆ ਕਿ ਇਹ ਡਿਵਾਈਸ ਲਾਲ ਜਾਂ ਹਰੀ ਰੌਸ਼ਨੀ ਦਿਖਾਏਗੀ , ਜਿਸ ਤੋਂ ਸਪੱਸ਼ਟ ਹੋਵੇਗਾ ਕਿ ਇਹ ਵਿਅਕਤੀ ਵਾਇਰਸ ਮੁਕਤ ਹੈ ਜਾਂ ਨਹੀਂ। 
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ 1 ਲੱਖ 50 ਹਜ਼ਾਰ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 1 ਲੱਖ 29 ਹਜ਼ਾਰ ਲੋਕ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਕੈਨੇਡਾ ਵਿਚ 9,255 ਲੋਕ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 
 


Lalita Mam

Content Editor

Related News