ਪੂਰਬੀ ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ ਨੂੰ ਸਮੁੰਦਰ ਤੱਟ ਖਾਲ੍ਹੀ ਕਰਨ ਦੀ ਚਿਤਾਵਨੀ

Wednesday, Jun 16, 2021 - 04:59 PM (IST)

ਜਕਾਰਤਾ (ਭਾਸ਼ਾ) : ਪੂਰਬੀ ਇੰਡੋਨੇਸ਼ੀਆ ਵਿਚ ਬੁੱਧਵਾਰ ਨੂੰ ਸਮੁੰਦਰ ਵਿਚ 5.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕੁੱਝ ਕੰਧਾਂ ਵਿਚ ਦਰਾੜਾਂ ਪੈ ਗਈਆਂ ਅਤੇ ਮਾਲੁਕੂ ਸੂਬੇ ਵਿਚ ਸਮੁੰਦਰੀ ਤੱਟ ਦੇ ਸਾਹਮਣੇ ਰਹਿੰਦੇ ਵਸਨੀਕਾਂ ਨੂੰ ਉਚੇ ਇਲਾਕਿਆਂ ਵਿਚ ਜਾਣ ਲਈ ਕਿਹਾ ਗਿਆ ਹੈ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਕਿਹਾ ਕਿ ਵੱਡੀ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਪਾਣੀ ਵਿਚ ਜ਼ਮੀਨ ਖ਼ਿਸਕਣ ਕਾਰਨ ਸਮੁੰਦਰ ਵਿਚ ਪਾਣੀ ਦਾ ਪੱਧਰ ਕਰੀਬ 0.5 ਮੀਟਰ ਤੱਕ ਵੱਧ ਗਿਆ ਹੈ।

ਮਾਲੁਕੂ ਆਫ਼ਤ ਪ੍ਰਬੰਧਨ ਏਜੰਸੀ ਦੇ ਪ੍ਰਮੁੱਖ ਹੈਨਰੀ ਫਾਰ ਫਾਰ ਨੇ ਕਿਹਾ ਕਿ ਤੇਹੋਰੂ ਉਪ-ਜ਼ਿਲ੍ਹੇ ਵਿਚ ਤੱਟ ’ਤੇ ਰਹਿਣ ਵਾਲੇ ਪਿੰਡ ਵਾਸੀ ਭੂਚਾਲ ਕਾਰਨ ਘਬਰਾ ਗਏ ਅਤੇ ਉਨ੍ਹਾਂ ਨੂੰ ਉਚੇ ਸਥਾਨ ’ਤੇ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਝ ਇਮਾਰਤਾਂ ਦੀਆਂ ਕੰਧਾਂ ਅਤੇ ਜ਼ਮੀਨ ਵਿਚ ਦਰਾੜਾਂ ਆ ਗਈਆਂ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਮਾਲੁਕੂ ਸੂਬੇ ਵਿਚ ਸੀਰਮ ਟਾਪੂ ’ਤੇ ਅਮਾਹਾਈ ਸ਼ਹਿਰ ਤੋਂ 70 ਕਿਲੋਮੀਟਰ ਦੂਰ ਸਮੁੰਦਰ ਵਿਚ ਕਰੀਬ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇੰਡੋਨੇਸ਼ੀਆ ਵਿਚ ਆਏ ਦਿਨ ਭੂਚਾਲ, ਜਵਾਲਾਮੁਖੀ ਫੱਟਣਾ ਅਤੇ ਸੁਨਾਮੀ ਆਉਂਦੀ ਰਹਿੰਦੀ ਹੈ।
 


cherry

Content Editor

Related News