ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਨ ਨੇ ਦੋਹਰੀ ਨਾਗਰਿਕਤਾ ਰੱਖਣ ਵਾਲਿਆਂ ਦੀ ਕੀਤੀ ਸ਼ਲਾਘਾ

Friday, Sep 11, 2020 - 07:00 PM (IST)

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਨ ਨੇ ਦੋਹਰੀ ਨਾਗਰਿਕਤਾ ਰੱਖਣ ਵਾਲਿਆਂ ਦੀ ਕੀਤੀ ਸ਼ਲਾਘਾ

ਇਸਲਾਮਾਬਾਦ: ਦੋਹਰੀ ਨਾਗਰਿਕਤਾ ਰੱਖਣ ਵਾਲੇ ਲੋਕਾਂ ਦੇ ਪਾਕਿਸਤਾਨ ਵਿਚ ਜਨਤਕ ਅਹੁਦੇ ਸੰਭਾਲਣ ਨੂੰ ਲੈ ਕੇ ਹੋ ਰਹੀ ਨਿੰਦਾ ਦੇ ਵਿਚਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਵਾਸੀ ਪਾਕਿਸਤਾਨੀ ਦੇਸ਼ ਦੀ ਸਭ ਤੋਂ ਵੱਡੀ ਸੰਪਤੀ ਹਨ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਵਿਦੇਸ਼ਾਂ ਵਿਚ ਰਹਿ ਰਹੇ ਮਾਹਰਾਂ ਤੇ ਪੇਸ਼ੇਵਰਾਂ ਦੀ ਮਾਹਰਤਾ ਦਾ ਲਾਭ ਚੁੱਕਣ ਦੀ ਲੋੜ 'ਤੇ ਜ਼ੋਰ ਦਿੱਤਾ।

ਡਾਨ ਅਖਬਾਰ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਲੋਕ ਕਿਉਂ ਕਹਿ ਰਹੇ ਹਨ ਕਿ ਦੋਹਰੀ ਨਾਗਰਿਕਤਾ ਵਾਲੇ ਵਿਅਕਤੀ ਜਨਤਕ ਅਹੁਦੇ ਸੰਭਾਲ ਨਹੀਂ ਸਕਦੇ ਤੇ ਮੰਤਰੀ ਨਹੀਂ ਬਣ ਸਕਦੇ। ਪਤਾ ਨਹੀਂ ਉਹ ਕਿਉਂ ਅਦਾਲਤ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਡਿਜੀਟਲ ਬੈਂਕਿੰਗ ਸੁਵਿਧਾ 'ਰੌਸ਼ਨ ਪਾਕਿਸਤਾਨ ਡਿਜੀਟਲ ਅਕਾਊਂਟ' ਦੀ ਸ਼ੁਰੂਆਤ ਦੌਰਾਨ ਇਹ ਟਿੱਪਣੀ ਕੀਤੀ। ਇਸ ਖਾਤੇ ਦੇ ਰਾਹੀਂ ਲੱਖਾਂ ਪ੍ਰਵਾਸੀ ਪਾਕਿਸਤਾਨੀਆਂ ਨੂੰ ਡਿਜੀਟਲ ਤਰੀਕੇ ਨਾਲ ਪੈਸੇ ਟ੍ਰਾਂਸਫਰ ਕਰਨ, ਬਿੱਲ ਭੁਗਤਾਨ ਤੇ ਨਿਵੇਸ਼ ਗਤੀਵਿਧੀਆਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਉਨ੍ਹਾਂ ਤੋਂ (ਪ੍ਰਵਾਸੀ ਪਾਕਿਸਤਾਨੀ) ਵੱਡੀ ਕੋਈ ਸੰਪਤੀ ਨਹੀਂ ਹੈ। ਕੁਸ਼ਲ-ਸਮਰਥਾਵਾਨ ਲੋਕ, ਪੇਸ਼ੇਵਰ ਤੇ ਉਦਮੀ ਦੇਸ਼ ਦੇ ਬਾਹਰ ਰਹਿ ਰਹੇ ਹਨ। ਜਦੋਂ ਅਸੀਂ ਦੇਸ਼ ਵਿਚ ਅਨੁਕੂਲ ਮਾਹੌਲ ਬਣਾਵਾਂਗੇ ਤਾਂ ਇਹ ਵੱਡੀ ਸੰਪਤੀ ਦੇਸ਼ ਵਿਚ ਪਰਤ ਆਵੇਗੀ।

ਖਾਨ ਦੇ ਮੰਤਰੀਮੰਡਲ ਵਿਚ ਘੱਟ ਤੋਂ ਘੱਟ 7 ਅਜਿਹੇ ਮੈਂਬਰ ਹਨ, ਜਿਨ੍ਹਾਂ ਦੇ ਕੋਲ ਜਾਂ ਤਾਂ ਦੋਹਰੀ ਨਾਗਰਿਕਤਾ ਹੈ ਜਾਂ ਦੂਜੇ ਦੇਸ਼ ਵਿਚ ਸਥਾਈ ਨਿਵਾਸ ਦਾ ਅਧਿਕਾਰ ਹੈ। ਦੋਹਰੀ ਨਾਗਰਿਕਤਾ ਵਾਲੇ ਮੈਂਬਰ ਚੁਣੇ ਹੋਏ ਨਹੀਂ ਹਨ ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਦੇ ਤੌਰ 'ਤੇ ਕੰਮ ਕਰ ਰਹੇ ਹਨ। ਮੰਤਰੀਮੰਡਲ ਦੇ ਸਾਰੇ ਗੈਰ-ਚੁਣੇ ਮੈਂਬਰਾਂ ਦੀ ਦੋਹਰੀ ਨਾਗਰਿਕਤਾ ਤੇ ਜਾਇਦਾਦ ਦਾ ਬਿਓਰਾ ਜਨਤਕ ਕੀਤਾ ਗਿਆ ਹੈ। ਇਸ ਤੋਂ ਬਾਅਦ ਦੋਹਰੀ ਨਾਗਰਿਕਤਾ ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਨਿੰਦਾ ਹੋਣ ਲੱਗੀ। ਪਾਕਿਸਤਾਨ ਵਿਚ ਵਿਦੇਸ਼ੀ ਨਾਗਰਿਕ ਚੋਣ ਨਹੀਂ ਲੜ੍ਹ ਸਕਦਾ ਹੈ। ਚੋਣ ਲੜਨ ਤੋਂ ਪਹਿਲਾਂ ਹਰ ਕਿਸੇ ਨੂੰ ਜਾਇਦਾਦ ਦਾ ਐਲਾਨ ਕਰਨਾ ਪੈਂਦਾ ਹੈ ਪਰ ਗੈਰ-ਚੁਣੇ ਮੈਂਬਰਾਂ ਦੇ ਲਈ ਅਜਿਹਾ ਕੋਈ ਕਾਨੂੰਨ ਨਹੀਂ ਹੈ। 


author

Baljit Singh

Content Editor

Related News