ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵੱਲੋਂ ਕਰਵਾਏ 20ਵੇਂ ਯਾਦਗਾਰੀ ਮੇਲੇ ''ਚ ਪਹੁੰਚੇ ਡਾ. ਸਵੈਮਾਨ ਸਿੰਘ

05/17/2022 1:16:41 AM

ਫਰਿਜ਼ਨੋ/ਕੈਲੀਫੋਰਨੀਆ (ਨੀਟਾ ਮਾਛੀਕੇ) : ਇੰਡੋ-ਅਮੈਰਕੀਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ 20ਵਾਂ ਮੇਲਾ ਸੈਂਟਰਲ ਹਾਈ ਸਕੂਲ ਵਿਖੇ ਕਰਵਾਇਆ ਗਿਆ। ਇਸ ਸਾਲ ਇਹ ਮੇਲਾ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਕਾਲੇ ਪਾਣੀਆਂ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਭਾਰਤ ਦੇ ਕਿਸਾਨੀ ਸੰਘਰਸ਼ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਨ ਸਿੰਘ ਪਰਿਵਾਰ ਸਮੇਤ ਪਹੁੰਚੇ। ਸਾਡੇ ਲੋਕਾਂ ਦੀ ਸੋਚ ਅਤੇ ਕਿਸਾਨੀ ਸੰਘਰਸ਼ ਬਾਰੇ ਡਾ. ਸਾਹਿਬ ਨੇ ਬੋਲਦਿਆਂ ਵਿਚਾਰਾਂ ਦੀ ਸਾਂਝ ਪਾਈ। ਇਸ ਸਮੇਂ ਮਨੋਰੰਜਨ ਲਈ ਜੀ. ਐੱਚ. ਜੀ. ਡਾਂਸ ਅਤੇ ਸੰਗੀਤ ਅਕੈਡਮੀ ਦੇ ਨੌਜਵਾਨ ਬੱਚੇ-ਬੱਚੀਆਂ ਨੇ ਗਿੱਧੇ ਤੇ ਭੰਗੜੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮੇਂ ਖਾਸ ਤੌਰ ‘ਤੇ 'ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ' ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਵਿੱਚ ਅਣਥੱਕ ਵੱਡਮੁੱਲੀਆਂ ਸੇਵਾਵਾਂ ਦੇਣ ਕਰਕੇ ਡਾ. ਸਵੈਮਾਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਨੂੰ ਵੀ ਸਨਮਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਤੱਕ ਪਹੁੰਚੀ ਖੇਤਾਂ ’ਚ ਲਗਾਈ ਅੱਗ, ਗੇਟਮੈਨ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

ਇਸ ਸਮੇਂ 4.0 ਅਤੇ ਇਸ ਤੋਂ ਉਪਰ ਵਿੱਦਿਅਕ ਗ੍ਰੇਡ ਵਾਲੇ ਸਕੂਲੀ ਬੱਚਿਆਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ  ਗਿਆ, ਜਦਕਿ ਗਾਇਕਾਂ 'ਚ ਪੱਪੀ ਭਦੌੜ, ਰਾਜ ਬਰਾੜ ਯਮਲਾ, ਜੀਤਾ ਗਿੱਲ ਅਤੇ ਸੱਤੀ ਪਬਲਾ ਆਦਿ ਨੇ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਦਰਸ਼ਕਾਂ ਨੇ ਪਕੌੜੇ, ਜਲੇਬੀਆਂ ਆਦਿ ਦੇ ਲੰਗਰਾਂ ਦਾ ਭਰਪੂਰ ਆਨੰਦ ਮਾਣਿਆ। ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ ਰਹੀ। ਇਸ ਸਮੇਂ ਸੰਸਥਾ ਵੱਲੋਂ ਡਾ. ਸਵੈਮਾਨ ਸਿੰਘ ਦਾ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਸਟੇਜ ਸੰਚਾਲਨ ਬੀਬੀ ਆਸ਼ਾ ਸ਼ਰਮਾ ਨੇ ਬਾਖੂਬੀ ਨਿਭਾਇਆ। ਅੰਤ 'ਚ ਅਮਿਟ ਪੈੜਾ ਛੱਡਦਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ।

ਇਹ ਵੀ ਪੜ੍ਹੋ : ਟੈਕਸਦਾਤਾਵਾਂ ਲਈ ਅਹਿਮ ਖ਼ਬਰ- ਈ-ਇਨਵਾਇਸਿੰਗ ਨਾ ਕੀਤੀ ਤਾਂ ਖਰੀਦਦਾਰ ਨੂੰ ਨਹੀਂ ਮਿਲੇਗਾ ITC


Mukesh

Content Editor

Related News