ਮੇਹੁਲ ਚੌਕਸੀ ਨੂੰ ਵੱਡਾ ਝਟਕਾ, ਡੋਮਿਨਿਕਾ ਨੇ ਐਲਾਨਿਆ ਗ਼ੈਰ-ਕਾਨੂੰਨੀ ਪ੍ਰਵਾਸੀ

Thursday, Jun 10, 2021 - 08:05 PM (IST)

ਮੇਹੁਲ ਚੌਕਸੀ ਨੂੰ ਵੱਡਾ ਝਟਕਾ, ਡੋਮਿਨਿਕਾ ਨੇ ਐਲਾਨਿਆ ਗ਼ੈਰ-ਕਾਨੂੰਨੀ ਪ੍ਰਵਾਸੀ

ਰੋਸੋ (ਡੋਮਿਨਿਕਾ)- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘਪਲੇ ਦੇ ਮੁਲਜ਼ਮ ਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਵੱਡਾ ਝਟਕਾ ਲੱਗਾ ਹੈ। ਡੋਮਿਨਿਕਾ ਸਰਕਾਰ ਨੇ ਮੇਹੁਲ ਚੌਕਸੀ ਨੂੰ ਗ਼ੈਰ-ਕਾਨੂੰਨੀ ਪ੍ਰਵਾਸੀ ਐਲਾਨ ਦਿੱਤਾ ਹੈ। ਡੋਮੀਨਿਕਾ ਸਰਕਾਰ ਨੇ ਇਸ ਸਬੰਧ ਵਿਚ ਇਕ ਹੁਕਮ 25 ਮਈ ਨੂੰ ਜਾਰੀ ਕੀਤਾ ਸੀ। ਡੋਮਿਨਿਕਾ ਦੇ ਕੌਮੀ ਸੁਰੱਖਿਆ ਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਰੇਬਰਨ ਬਲੈਕਮੂਰ ਨੇ ਪੁਲਸ ਮੁਖੀ ਨੂੰ ਹੁਕਮ ਦਿੱਤਾ ਹੈ ਕਿ ਮੇਹੁਲ ਚੌਕਸੀ ਨੂੰ ਦੇਸ਼ ਵਿਚੋਂ ਬਾਹਰ ਕੱਢਣ ਲਈ ਕਾਨੂੰਨ ਮੁਤਾਬਕ ਜਲਦ ਤੋਂ ਜਲਦ ਕਦਮ ਚੁੱਕੇ ਜਾਣ।

ਜਾਣਕਾਰੀ ਮੁਤਾਬਕ, ਡੋਮਿਨਿਕਾ ਪ੍ਰਸ਼ਾਸਨ ਨੇ ਇਸ ਹੁਕਮ ਨੂੰ ਅਦਾਲਤ ਸਾਹਮਣੇ ਰੱਖਿਆ ਸੀ, ਨਾਲ ਹੀ ਅਪੀਲ ਕੀਤੀ ਕਿ ਮੇਹੁਲ ਚੌਕਸੀ ਦੀਆਂ ਪਟੀਸ਼ਨਾਂ ਖਾਰਜ ਕਰਕੇ ਉਸ ਨੂੰ ਭਾਰਤ ਭੇਜ ਦਿੱਤਾ ਜਾਵੇ। ਸਰਕਾਰ ਦਾ ਇਹ ਹੁਕਮ ਮੇਹੁਲ ਚੌਕਸੀ ਲਈ ਵੱਡਾ ਝਟਕਾ ਹੈ, ਨਾਲ ਹੀ ਉਸ ਦੀ ਅਗਵਾ ਵਾਲੀ ਥਿਓਰੀ ’ਤੇ ਵੀ ਡੂੰਘੀ ਸੱਟ ਮਾਰਦਾ ਹੈ।

ਮੇਹੁਲ ਚੌਕਸੀ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ, ਬਾਅਦ ਵਿਚ ਉਹ ਕਿਊਬਾ ਭੱਜਦੇ ਸਮੇਂ ਰਾਹ ਵਿਚ ਹੀ ਡੋਮਿਨਿਕਾ ਵਿਚ ਫੜਿਆ ਗਿਆ ਸੀ।

ਇਹ ਵੀ ਪੜ੍ਹੋ- ਬਲੈਕ ਫੰਗਸ ਦੀ ਦਵਾ ਬਾਜ਼ਾਰ 'ਚ ਲਾਂਚ, ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ

ਮੇਹੁਲ ਚੌਕਸੀ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ। ਉੱਥੋਂ ਦੀ ਸਰਕਾਰ ਨੇ ਡੋਮਿਨਿਕਾ ਨੂੰ ਉਸ ਨੂੰ ਸਿੱਧਾ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਸੀ ਪਰ ਇਸ ਤੋਂ ਪਹਿਲਾਂ ਡੋਮਿਨਿਕਾ ਦੀ ਅਦਾਲਤ ਮੇਹੁਲ ਚੌਕਸੀ ਦੀ ਹਵਾਲਗੀ ’ਤੇ ਰੋਕ ਲਾ ਚੁੱਕੀ ਸੀ। ਉੱਥੇ ਹੀ, ਹੁਣ ਡੋਮਿਨਿਕਾ ਦੀ ਸਰਕਾਰ ਦੇ 25 ਮਈ ਦੇ ਹੁਕਮ ਤੋਂ ਬਾਅਦ ਮੇਹੁਲ ਚੌਕਸੀ ਦੇ ਭਾਰਤ ਆਉਣ ਦਾ ਰਾਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। ਗੌਰਤਲਬ ਹੈ ਕਿ ਮੇਹੁਲ ਚੌਕਸੀ ਅਤੇ ਉਸ ਦੇ ਭਾਣਜੇ ਨੀਰਵ ਮੋਦੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕਥਿਤ ਤੌਰ ’ਤੇ 13 ਹਜ਼ਾਰ 500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਨੀਰਵ ਮੋਦੀ ਅਜੇ ਲੰਡਨ ਦੀ ਇਕ ਜੇਲ੍ਹ ਵਿਚ ਹੈ ਅਤੇ ਆਪਣੀ ਭਾਰਤ ਹਵਾਲਗੀ ਵਿਰੁੱਧ ਮੁਕੱਦਮਾ ਲੜ ਰਿਹਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਝੋਨੇ ਦੇ ਐੱਮ. ਐੱਸ. ਪੀ. 'ਚ ਕੀਤਾ ਵਾਧਾ


author

Sanjeev

Content Editor

Related News