ਡੀਜ਼ਲ 25 ਰੁਪਏ ਅਤੇ ਪੈਟਰੋਲ 20 ਰੁਪਏ ਹੋਇਆ ਸਸਤਾ ! ਗੁਆਂਢੀ ਮੁਲਕ ਦੀ ਸਰਕਾਰ ਨੇ ਕਰ'ਤਾ ਐਲਾਨ
Tuesday, Jun 30, 2026 - 12:12 PM (IST)
ਕੋਲੰਬੋ (ਭਾਸ਼ਾ): ਤੇਲ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਝੱਲ ਰਹੀ ਸ਼੍ਰੀਲੰਕਾ ਦੀ ਜਨਤਾ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਸ਼੍ਰੀਲੰਕਾ ਦੀ ਸਰਕਾਰੀ ਤੇਲ ਕੰਪਨੀ ਨੇ ਲੰਬੇ ਸਮੇਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਜੰਗਬੰਦੀ ਸਮਝੌਤੇ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਸਟ੍ਰੇਟ ਦੇ ਦੁਬਾਰਾ ਖੁੱਲ੍ਹਣ ਤੋਂ ਬਾਅਦ ਤੇਲ ਦੀ ਸਪਲਾਈ ਵਿੱਚ ਆਏ ਸੁਧਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਡੀਜ਼ਲ ਦੀ ਕੀਮਤ ਵਿੱਚ 25 ਸ਼੍ਰੀਲੰਕਾਈ ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਹੁਣ 382 ਸ਼੍ਰੀਲੰਕਾਈ ਰੁਪਏ ਪ੍ਰਤੀ ਲੀਟਰ ਵਿਕੇਗਾ। ਇਸੇ ਤਰ੍ਹਾਂ 92 ਓਕਟੇਨ ਪੈਟਰੋਲ ਦੀ ਕੀਮਤ 20 ਸ਼੍ਰੀਲੰਕਾਈ ਰੁਪਏ ਘਟਾ ਕੇ 414 ਸ਼੍ਰੀਲੰਕਾਈ ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਹ ਨਵੀਆਂ ਕੀਮਤਾਂ ਸ਼ੁੱਕਰਵਾਰ ਅੱਧੀ ਰਾਤ ਤੋਂ ਪ੍ਰਭਾਵਸ਼ਾਲੀ ਹੋ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਪਣੇ ਹੀ ਦੇਸ਼ 'ਚ ਘਿਰੀ ਟਰੰਪ ਸਰਕਾਰ ! 25 ਰਾਜਾਂ ਨੇ ਕਰ'ਤਾ ਮੁਕੱਦਮਾ
ਦੱਸਣਯੋਗ ਹੈ ਕਿ ਅਮਰੀਕਾ-ਈਰਾਨ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਇਹ ਛੇਵੀਂ ਵਾਰ ਹੈ ਜਦੋਂ ਤੇਲ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਕੀਮਤਾਂ ਵਿੱਚ ਵਾਧੇ ਦੀ ਬਜਾਏ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਪੱਛਮੀ ਏਸ਼ੀਆ ਵਿੱਚ ਵਧੇ ਤਣਾਅ ਅਤੇ ਸਾਲ ਦੀ ਸ਼ੁਰੂਆਤ ਤੋਂ ਡਾਲਰ ਦੇ ਮੁਕਾਬਲੇ ਸ਼੍ਰੀਲੰਕਾਈ ਰੁਪਏ ਵਿੱਚ ਆਈ 7 ਫੀਸਦੀ ਦੀ ਗਿਰਾਵਟ ਕਾਰਨ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਸਨ। ਭਾਵੇਂ ਕੀਮਤਾਂ ਘਟਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਪਰ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਇਹ ਜੰਗਬੰਦੀ ਅਜੇ ਵੀ ਨਾਜ਼ੁਕ ਹੈ। ਰਿਪੋਰਟਾਂ ਅਨੁਸਾਰ ਪਿਛਲੇ ਵੀਕੈਂਡ ਖਾੜੀ ਖੇਤਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਇਸ ਸਮਝੌਤੇ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਮੁੜ ਤੇਲ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
