ਚੀਨ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਦਾ ਇਕ ਹੋਰ ਵਫ਼ਦ ਤਾਈਵਾਨ ਪਹੁੰਚਿਆ
Thursday, Sep 08, 2022 - 05:09 PM (IST)

ਇੰਟਰਨੈਸ਼ਨਲ ਡੈਸਕ : ਚੀਨ ਦੇ ਸਖ਼ਤ ਵਿਰੋਧ ਅਤੇ ਤਣਾਅ ਵਿਚਕਾਰ ਅਮਰੀਕੀ ਕਾਂਗਰਸ ਦਾ ਇਕ ਹੋਰ ਵਫ਼ਦ ਤਾਈਵਾਨ ਪਹੁੰਚਿਆ ਅਤੇ ਰਾਸ਼ਟਰਪਤੀ ਸਾਈ ਇਨ ਵੇਂਗ ਨਾਲ ਵੀਰਵਾਰ ਸਵੇਰੇ ਮੁਲਾਕਾਤ ਕੀਤੀ। ਅਮਰੀਕਾ ਅਤੇ ਤਾਈਵਾਨ ਦੇ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦੋਂ ਚੀਨ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਕਾਫ਼ੀ ਤਣਾਅਪੂਰਨ ਹਨ। ਚੀਨ ਪੂਰੇ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਅਗਸਤ ’ਚ ਤਾਈਵਾਨ ਦੀ ਯਾਤਰਾ ’ਤੇ ਆਈ ਸੀ, ਹਾਲਾਂਕਿ ਚੀਨ ਨੇ ਇਸ ਦੌਰੇ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਆਪਣੇ ਫ਼ੌਜੀ ਅਭਿਆਸਾਂ ਨੂੰ ਤੇਜ਼ ਕਰਦਿਆਂ ਲੱਗਭਗ ਰੋਜ਼ਾਨਾ ਤਾਈਵਾਨ ਵੱਲ ਲੜਾਕੂ ਜਹਾਜ਼, ਡਰੋਨ ਆਦਿ ਭੇਜੇ ਸਨ।
ਫਲੋਰਿਡਾ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਸਟੈਫਨੀ ਮਰਫੀ ਦੀ ਅਗਵਾਈ ਵਾਲੇ ਵਫ਼ਦ ਨੇ ਤਾਈਵਾਨੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਚੀਨ ਦੇ ਫ਼ੌਜੀ ਖ਼ਤਰਿਆਂ ਦਾ ਜ਼ਿਕਰ ਕਰਦਿਆਂ ਸਾਈ ਨੇ ਕਿਹਾ ਕਿ ਵਫ਼ਦ ਦੀ ਯਾਤਰਾ ‘‘ਤਾਈਵਾਨ ਪ੍ਰਤੀ ਅਮਰੀਕੀ ਕਾਂਗਰਸ ਦੇ ਅਡਿੱਗ ਸਮਰਥਨ ਨੂੰ ਦਰਸਾਉਂਦਾ ਹੈ।’’ ਉਨ੍ਹਾਂ ਕਿਹਾ ਕਿ ਤਾਈਵਾਨ ਦਬਾਅ ’ਚ ਨਹੀਂ ਆਏਗਾ। ਅਸੀਂ ਆਪਣੀਆਂ ਜਮਹੂਰੀ ਸੰਸਥਾਵਾਂ ਅਤੇ ਜੀਵਨ ਜਿਊਣ ਦੇ ਤਰੀਕਿਆਂ ਦੀ ਰੱਖਿਆ ਕਰਾਂਗੇ। ਤਾਈਵਾਨ ਪਿੱਛੇ ਨਹੀਂ ਹਟੇਗਾ।” ਇਸ ’ਤੇ ਮਰਫੀ ਨੇ ਕਿਹਾ ਕਿ ਸੰਸਦ ਨੂੰ “ਅੰਤਰਰਾਸ਼ਟਰੀ ਸੰਗਠਨਾਂ ’ਚ ਤਾਈਵਾਨ ਦੀ ਵੱਧ ਤੋਂ ਵੱਧ ਭਾਗੀਦਾਰੀ ਦੀ ਵਕਾਲਤ ਕਰਨੀ ਚਾਹੀਦੀ ਹੈ।”
ਉਨ੍ਹਾਂ ਕਿਹਾ,‘‘ਤਾਈਵਾਨ ਨੇ ਦਿਖਾਇਆ ਹੈ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਦਾ ਇਕ ਜ਼ਿੰਮੇਵਾਰ ਮੈਂਬਰ ਹੈ, ਖ਼ਾਸ ਕਰਕੇ ਜਨਤਕ ਸਿਹਤ ਨਾਲ ਸਬੰਧਤ ਮੁੱਦਿਆਂ ’ਤੇ । ਉਹ ਅੰਤਰਰਾਸ਼ਟਰੀ ਮੰਚਾਂ ’ਤੇ ਭਾਈਵਾਲੀ ਦਾ ਹੱਕਦਾਰ ਹੈ।’’ਜ਼ਿਕਰਯੋਗ ਹੈ ਕਿ ਮਰਫੀ ਉਨ੍ਹਾਂ ਸੰਸਦ ਮੈਂਬਰਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਉਹ ਬਿੱਲ ਪੇਸ਼ ਕੀਤਾ, ਜਿਸ ਤਹਿਤ ਅਮਰੀਕਾ ਤਾਈਵਾਨ ਦੀ ਮਦਦ ਕਰਨ ਲਈ ਉਸ ਨੂੰ ਹਥਿਆਰ ਦੇ ਸਕਦਾ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਸ ਨੇ ਯੂਕ੍ਰੇਨ ਨੂੰ ਹਥਿਆਰ ਦਿੱਤੇ ਹਨ। ਪਿਛਲੇ ਹਫ਼ਤੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਤਾਈਵਾਨ ਨੂੰ ਇਕ ਅਰਬ ਡਾਲਰ ਦੀ ਹਥਿਆਰਾਂ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਸੀ। ਇਸ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਅਤੇ ਤਾਈਪੇ ਵਿਚਾਲੇ ਰੱਖਿਆ ਸਹਿਯੋਗ ਨੂੰ ਲੈ ਕੇ ਚੀਨ ਦਾ ਇਤਰਾਜ਼ ‘ਸਪੱਸ਼ਟ’ ਹੈ।