ਕੈਪੀਟਲ ਹਮਲੇ ਦੇ ਮਾਮਲੇ ''ਚ ਨੈਨਸੀ ਪੈਲੋਸੀ ਨੇ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
Saturday, Jan 09, 2021 - 08:58 AM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਵੀ ਉਪ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ 25ਵੀਂ ਸੋਧ ਤਹਿਤ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ । ਇਸ ਤੋਂ ਪਹਿਲਾਂ ਕਈ ਸੰਸਦ ਮੈਂਬਰਾਂ ਨੇ ਇਹ ਅਪੀਲ ਕੀਤੀ ਹੈ। ਪੈਲੋਸੀ ਨੇ ਵੀਰਵਾਰ ਨੂੰ ਰਾਜਧਾਨੀ ਵਿਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਸਾਡੀ ਕੌਂਮ ਅਤੇ ਲੋਕਾਂ ‘ਤੇ ਅਚਾਨਕ ਹਮਲਾ ਕੀਤਾ ਹੈ। ਇਸ ਲਈ ਉਹ ਸੈਨੇਟ ਡੈਮੋਕ੍ਰੇਟ ਨੇਤਾਵਾਂ ਸਣੇ ਉਪ ਰਾਸ਼ਟਰਪਤੀ ਨੂੰ ਕਾਰਵਾਈ ਕਰਨ ਲਈ ਅਪੀਲ ਕਰਦੇ ਹਨ।
ਇਸ ਮਾਮਲੇ ਵਿਚ ਜੇਕਰ ਉਪ ਰਾਸ਼ਟਰਪਤੀ ਅਤੇ ਕੈਬਨਿਟ ਕੰਮ ਨਹੀਂ ਕਰਦੇ ਤਾਂ ਕਾਂਗਰਸ ਇਸ ਬਾਰੇ ਅੱਗੇ ਵਧਣ ਲਈ ਤਿਆਰ ਹੋ ਸਕਦੀ ਹੈ। ਟਰੰਪ ਨੂੰ ਅਹੁਦੇ ਤੋਂ ਹਟਾਉਣ ਦੇ ਕਦਮ ਵਿਚ ਪੈਲੋਸੀ ਦੇ ਇਲਾਵਾ ਸੈਨੇਟ ਘੱਟ ਗਿਣਤੀ ਨੇਤਾ ਚੁਕ ਸ਼ੂਮਰ ਨਾਲ ਹੋਰ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਵੀ ਅਪੀਲ ਕੀਤੀ ਹੈ।
ਅਮਰੀਕਾ ਵਿਚ 25ਵੀਂ ਸੋਧ ਉਪ ਰਾਸ਼ਟਰਪਤੀ ਅਤੇ ਕੈਬਨਿਟ ਦੀ ਬਹੁਗਿਣਤੀ ਨੂੰ ਕਿਸੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੀ ਸ਼ਕਤੀ ਦਿੰਦੀ ਹੈ। ਜ਼ਿਕਰਯੋਗ ਹੈ ਕਿ ਕੈਪੀਟਲ ਇਮਾਰਤ ਵਿਚ ਹਿੰਸਾ ਦੌਰਾਨ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਚੈਂਬਰਾਂ ਤੋਂ ਬਾਹਰ ਕੱਢ ਕੇ ਤਕਰੀਬਨ ਪੰਜ ਘੰਟਿਆਂ ਤੱਕ ਕਿਸੇ ਸੁਰੱਖਿਅਤ ਜਗ੍ਹਾ ਵਿਚ ਰੱਖਿਆ ਗਿਆ ਸੀ। ਇਮਾਰਤ ਦੇ ਸੁਰੱਖਿਅਤ ਹੋਣ ਦੇ ਬਾਅਦ ਸਾਰੇ ਮੈਂਬਰ ਚੋਣ ਗਿਣਤੀ ਪੂਰੀ ਕਰਨ ਲਈ ਵਾਪਸ ਪਰਤੇ ਅਤੇ ਵੀਰਵਾਰ ਸਵੇਰੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੀ ਜਿੱਤ ਦਾ ਐਲਾਨ ਕੀਤਾ।