ਅਮਰੀਕੀ ਮੈਡੀਕਲ ਲੈਬ ’ਤੇ ਸਾਈਬਰ ਹਮਲਾ, ਮਰੀਜ਼ਾਂ ਦਾ ਡਾਟਾ ਲੀਕ
Saturday, Oct 24, 2026 - 04:23 AM (IST)
ਨਿਊਜਰਸੀ - ਅਮਰੀਕਾ ਦੀਆਂ ਵੱਡੀਆਂ ਮੈਡੀਕਲ ਜਾਂਚ ਕੰਪਨੀਆਂ ਵਿਚ ਸ਼ਾਮਲ ‘ਕੁਐਸਟ ਡਾਇਗਨੋਸਟਿਕਸ’ ’ਤੇ ਸਾਈਬਰ ਹਮਲਾ ਹੋਇਆ ਹੈ। ਇਸ ਹਮਲੇ ਵਿਚ ਹੈਕਰਾਂ ਨੇ ਮਰੀਜ਼ਾਂ ਦੀਆਂ ਮੈਡੀਕਲ ਰਿਪੋਰਟਾਂ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਬਣਾ ਲਈ।
ਅਜੇ ਤੱਕ ਕੁਐਸਟ ਡਾਇਗਨੋਸਟਿਕਸ ਨੇ ਇਹ ਨਹੀਂ ਦੱਸਿਆ ਹੈ ਕਿ ਸਾਈਬਰ ਹਮਲੇ ਨਾਲ ਕਿੰਨੇ ਮਰੀਜ਼ ਪ੍ਰਭਾਵਿਤ ਹੋਏ ਹਨ। ਕੰਪਨੀ ਦੇ ਮੁਤਾਬਕ, ਕਿੰਨੇ ਮਰੀਜ਼ਾਂ ਦੀ ਜਾਣਕਾਰੀ ਤੱਕ ਪਹੁੰਚ ਬਣਾਈ ਗਈ ਅਤੇ ਕਿਹੜੇ-ਕਿਹੜੇ ਰਿਕਾਰਡ ਪ੍ਰਭਾਵਿਤ ਹੋਏ, ਇਸ ਦੀ ਜਾਂਚ ਜਾਰੀ ਹੈ। ਸਾਈਬਰ ਸੁਰੱਖਿਆ ’ਤੇ ਨਜ਼ਰ ਰੱਖਣ ਵਾਲੀ ਕੰਪਨੀ ‘ਕੰਪੈਰੀਟੈਕ’ ਮੁਤਾਬਕ, ਸਤੰਬਰ, 2026 ਤੱਕ ਦੁਨੀਆ ਭਰ ਵਿਚ ਸਿਹਤ ਸੇਵਾਵਾਂ ਨਾਲ ਜੁੜੇ ਅਦਾਰਿਆਂ ’ਤੇ ਸਾਈਬਰ ਹਮਲਿਆਂ ਦੇ 716 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 410 ਹਮਲੇ ਇਕੱਲੇ ਅਮਰੀਕਾ ਵਿਚ ਹੋਏ।
ਕੰਪਨੀ ਮੁਤਾਬਕ ਹੈਕਿੰਗ ਦਾ ਅਸਰ ਉਸ ਦੇ ‘ਕੁਆਂਟਮ ਲੈਬ ਸਰਵਿਸਿਜ਼ ਮੈਨੇਜਰ’ ਸਿਸਟਮ ’ਤੇ ਪਿਆ। ਇਸ ਆਨਲਾਈਨ ਸਿਸਟਮ ਦੀ ਵਰਤੋਂ ਕੁਝ ਗਾਹਕ ਲੈਬ ਟੈਸਟ ਬੁੱਕ ਕਰਨ, ਜਾਂਚ ਦੇ ਨਤੀਜੇ ਦੇਖਣ ਅਤੇ ਰਿਪੋਰਟਾਂ ਹਾਸਲ ਕਰਨ ਲਈ ਕਰਦੇ ਹਨ।
ਹਮਲੇ ਦਾ ਪਤਾ ਚੱਲਦਿਆਂ ਹੀ ਕੰਪਨੀ ਨੇ ਇਸ ਸਿਸਟਮ ਦੀ ਵਰਤੋਂ ਰੋਕ ਦਿੱਤੀ। ਕੰਪਨੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਲਈ ਸਬੰਧਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ।
