ਕੋਵਿਡ-19 : ਨੁਕਸਾਨ ਦੀ ਭਰਪਾਈ ਮੁਲਾਜ਼ਮਾਂ ਦੀ ਤਨਖਾਹ ਨਾਲ ਕਰੇਗੀ ਏਅਰਲਾਈਨਜ਼!
Wednesday, Mar 04, 2020 - 01:14 AM (IST)
ਦੁਬਈ (ਏਜੰਸੀ)- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਵਿਚਾਲੇ ਅਮੀਰਾਤ ਏਅਰਲਾਈਨਜ਼ ਨੂੰ ਆਪਣੀਆਂ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ, ਜਿਸ ਕਾਰਨ ਉਸ ਦੇ ਮੁਲਾਜ਼ਮ ਵੀ ਖਾਲੀ ਬੈਠੇ ਹਨ। ਅਜਿਹੇ ਵਿਚ ਏਅਰਲਾਈਨਜ਼ ਨੇ ਮੁਲਾਜ਼ਮਾਂ ਨੂੰ ਬੈਠੇ-ਬੈਠ ਸੈਲਰੀ ਨਹੀਂ ਦੇਣ ਨੂੰ ਲੈ ਕੇ ਇਕ ਵੱਖਰਾ ਹੀ ਤਰੀਕਾ ਅਪਣਾਇਆ ਹੈ। ਏਅਰਲਾਈਨਜ਼ ਵਲੋਂ ਆਪਣੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਹ ਇਕ ਮਹੀਨੇ ਲਈ ਬਿਨਾਂ ਤਨਖਾਹ ਦੀ ਛੁੱਟੀ ਦਾ ਮੌਕਾ ਦੇ ਦੇਣ।
ਸੈਲਰੀ ਤੋਂ ਨੁਕਸਾਨ ਦੀ ਭਰਪਾਈ
ਦਰਅਸਲ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਏਅਰਲਆਈਨਜ਼ ਨੂੰ ਆਪਣੀਆਂ ਕਈ ਕੌਮਾਂਤਰੀ ਉਡਾਣਾਂ ਰੱਦ ਕਰਨੀਆਂ ਪਈਆਂ ਹਨ, ਜਿਸ ਕਾਰਨ ਉਸ ਨੂੰ ਵਿੱਤੀ ਨੁਕਸਾਨ ਵੀ ਹੋਇਆ ਹੈ। ਅਜਿਹੇ ਵਿਚ ਕੰਪਨੀ ਖਾਲੀ ਬੈਠੇ ਮੁਲਾਜ਼ਮਾਂ ਨੂੰ ਤਨਖਾਹ ਦੇ ਕੇ ਆਪਣਾ ਹੋਰ ਨੁਕਸਾਨ ਨਹੀਂ ਕਰਨਾ ਚਾਹੁੰਦੀ। ਮੁਲਾਜ਼ਮਾਂ ਨੂੰ ਦਿੱਤੇ ਗਏ ਇਸ ਆਫਰ ਪਿੱਛੇ ਇਹੀ ਵਜ੍ਹਾ ਦੱਸੀ ਜਾ ਰਹੀ ਹੈ, ਜਿਸ ਦੇ ਜ਼ਰੀਏ ਏਅਰਲਾਈਨਜ਼ ਆਪਣੇ ਮੁਲਾਜ਼ਮਾਂ ਦੀ ਤਨਖਾਹ 'ਤੇ ਹੋਣ ਵਾਲੇ ਖਰਚ ਨੂੰ ਬਚਾ ਲੈਣਾ ਚਾਹੁੰਦੀ ਹੈ।
ਕਈ ਉਡਾਣਾਂ ਹੋਈਆਂ ਰੱਦ
ਅਮੀਰਾਤ ਏਅਰਲਾਈਨਜ਼ ਨੇ ਪਿਛਲੇ ਕੁਝ ਦਿਨਾਂ ਵਿਚ ਈਰਾਨ, ਬਹਿਰੀਨ ਅਤੇ ਚੀਨ ਜਾਣ ਵਾਲੀਆਂ ਜ਼ਿਆਦਾਤਰ ਉਡਾਣਾਂ ਰੱਦ ਕੀਤੀਆਂ ਹਨ ਕਿਉਂਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਵਿਦੇਸ਼ੀ ਨਾਗਰਿਕਾਂ ਦੇ ਆਪਣੇ ਇਥੇ ਐਂਟਰੀ 'ਤੇ ਬੈਨ ਲਗਾ ਦਿੱਤਾ ਹੈ। ਅਜਿਹੇ ਵਿਚ ਏਅਰਲਾਈਨਜ਼ ਕੋਲ ਮਨੁੱਖੀ ਸੰਸਾਧਨ ਲੋੜ ਤੋਂ ਜ਼ਿਆਦਾ ਹੋ ਗਏ ਹਨ, ਜਿਸ ਨੂੰ ਦੇਖਦੇ ਹੋਏ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਦੀ ਇਕ ਮਹੀਨੇ ਦੀ ਛੁੱਟੀ ਲੈਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਲੈ ਸਕਦੇ ਹਨ ਬਿਨਾਂ ਤਨਖਾਹ ਦੀ ਛੁੱਟੀ
ਇਸ ਸਬੰਧੀ ਏਵੀਏਸ਼ਨ ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਵਲੋਂ ਮੰਗਲਵਾਰ ਨੂੰ ਇਕ ਬਿਆਨ ਵੀ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਵਧੇਰੇ ਸੰਸਾਧਨਾਂ ਦੀ ਉਪਲਬੱਧਤਾ ਅਤੇ ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਬਹੁਤ ਸਾਰੇ ਮੁਲਾਜ਼ਮ ਆਪਣੀ ਛੁੱਟੀ ਦੀ ਵਰਤੋਂ ਕਰਨਾ ਚਾਹੁੰਦੇ ਹਨ। ਕੰਪਨੀ ਵਲੋਂ ਮੁਲਾਜ਼ਮਾਂ ਲਈ ਇਹ ਬਦਲ ਦਿੱਤਾ ਗਿਆ ਹੈ ਕਿ ਉਹ ਇਕ ਮਹੀਨੇ ਤੱਕ ਲਈ ਖੁਦ ਦੀ ਇੱਛਾ ਦੇ ਤੌਰ 'ਤੇ ਬਿਨਾਂ ਤਨਖਾਹ ਦੇ ਛੁੱਟੀ ਲਈ ਅਰਜ਼ੀ ਦੇ ਸਕਦੇ ਹਨ ਜਾਂ ਛੁੱਟੀਆਂ ਲੈ ਸਕਦੇ ਹਨ।
ਅਮੀਰਾਤ ਏਅਰਲਾਈਨਜ਼ ਇਕ ਵੱਡੀ ਏਵੀਏਸ਼ਨ ਕੰਪਨੀ ਹੈ, ਜਿਸ ਤੋਂ 1 ਲੱਖ ਮੁਲਾਜ਼ਮ ਹਨ। ਇਸ ਵਿਚ 21000 ਕੈਬਿਨ ਕਰੂ ਅਤੇ 4000 ਪਾਇਲਟ ਵੀ ਹਨ। ਖਾੜੀ ਦੇਸ਼ਾਂ ਵਿਚ ਵੀ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੇ ਨੂੰ ਦੇਖਦੇ ਹੋਏ ਸੰਯੁਕਤ ਅਰਬ ਅਮੀਰਾਤ ਨੇ ਕਈ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ, ਜੋ ਇਕ ਵੱਡਾ ਏਅਰ ਟ੍ਰਾਂਜ਼ਿਟ ਸੈਂਟਰ ਅਤੇ ਸੈਲਾਨੀ ਤੇ ਬਿਜ਼ਨੈੱਸ ਦਾ ਕੇਂਦਰ ਵੀ ਹੈ।