ਅਦਾਲਤ ਨੇ ਗ੍ਰਿਫਤਾਰੀ ਵਾਰੰਟ ਨੂੰ ਮੁਅੱਤਲ ਕਰਨ ਦੀ ਇਮਰਾਨ ਦੀ ਪਟੀਸ਼ਨ ''ਤੇ ਫ਼ੈਸਲਾ ਰੱਖਿਆ ਸੁਰੱਖਿਅਤ

03/06/2023 5:30:33 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੋਸ਼ਾਖਾਨਾ ਕੇਸ ਵਿੱਚ ਗ੍ਰਿਫ਼ਤਾਰੀ ਵਾਰੰਟ ਨੂੰ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਖਾਨ ਦੇ ਵਕੀਲ ਅਲੀ ਬੁਖਾਰੀ, ਕੈਸਰ ਇਮਾਮ ਅਤੇ ਗੌਹਰ ਅਲੀ ਖਾਨ ਜ਼ਿਲਾ ਅਤੇ ਸੈਸ਼ਨ ਅਦਾਲਤ 'ਚ ਪੇਸ਼ ਹੋਏ, ਜਿੱਥੇ ਬੁਖਾਰੀ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਹਮੇਸ਼ਾ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਇਮਾਮ ਨੇ ਦਲੀਲ ਦਿੱਤੀ ਕਿ ਜੇਕਰ 70 ਸਾਲਾ ਖਾਨ 7 ਮਾਰਚ ਨੂੰ ਅਦਾਲਤ 'ਚ ਪੇਸ਼ ਹੋਣਾ ਚਾਹੁੰਦਾ ਹੈ ਤਾਂ ਇਸਲਾਮਾਬਾਦ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ। 

ਇਸ 'ਤੇ ਜੱਜ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਨੂੰ ਵਾਰੰਟ ਨੂੰ ਮੁਅੱਤਲ ਕਰਵਾਉਣ ਲਈ ਇਸਲਾਮਾਬਾਦ ਹਾਈ ਕੋਰਟ ਦਾ ਰੁਖ ਕਰਨਾ ਚਾਹੀਦਾ ਹੈ। ਹਾਲਾਂਕਿ ਇਮਾਮ ਨੇ ਜੱਜ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ ਸੈਸ਼ਨ ਅਦਾਲਤ ਵਾਰੰਟ ਨੂੰ ਮੁਅੱਤਲ ਕਰੇ ਜਦਕਿ ਬੁਖਾਰੀ ਨੇ ਕਿਹਾ ਕਿ ਪੀਟੀਆਈ ਮੁਖੀ ਲਾਹੌਰ ਸਥਿਤ ਜ਼ਮਾਨ ਪਾਰਕ ਸਥਿਤ ਆਪਣੇ ਘਰ 'ਚ ਹਨ। ਬੁਖਾਰੀ ਨੇ ਕਿਹਾ ਕਿ ''ਇਮਰਾਨ ਖਾਨ ਅਦਾਲਤ ਵਿਚ ਪੇਸ਼ ਹੋਣ ਦਾ ਤਰੀਕਾ ਜਾਣਨਾ ਚਾਹੁੰਦੇ ਹਨ।'' ਅਦਾਲਤ ਤੋਂ ਵਾਰੰਟ ਨੂੰ ਮੁਅੱਤਲ ਕਰਨ ਦੀ ਬੇਨਤੀ ਕਰਦੇ ਹੋਏ ਬੁਖਾਰੀ ਨੇ ਕਿਹਾ ਕਿ ਚੋਣ ਐਕਟ 2017 ਦੇ ਤਹਿਤ ਪੀਟੀਆਈ ਮੁਖੀ ਖ਼ਿਲਾਫ਼ ਨਿੱਜੀ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਆਮ ਤੌਰ 'ਤੇ ਅਜਿਹੀ ਸ਼ਿਕਾਇਤ 'ਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਨਹੀਂ ਕੀਤਾ ਜਾਂਦਾ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਆਤਮਘਾਤੀ ਹਮਲਾ, 9 ਪੁਲਸ ਮੁਲਾਜ਼ਮਾਂ ਦੀ ਮੌਤ ਤੇ 13 ਜ਼ਖਮੀ

ਅਦਾਲਤ ਨੇ ਦੱਸਿਆ ਕਿ ਪੀਟੀਆਈ ਮੁਖੀ ਦੇ ਵਕੀਲ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਅਦਾਲਤ ਵਿੱਚ ਪੇਸ਼ ਨਹੀਂ ਹੋਵੇਗਾ। ਅਦਾਲਤ ਨੇ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਵਧੀਕ ਸੈਸ਼ਨ ਜੱਜ ਜ਼ਫਰ ਇਕਬਾਲ ਨੇ 28 ਫਰਵਰੀ ਨੂੰ ਤੋਸ਼ਾਖਾਨਾ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਤੋਸ਼ਾਖਾਨਾ ਪਾਕਿਸਤਾਨ ਦਾ ਇੱਕ ਸਰਕਾਰੀ ਵਿਭਾਗ ਹੈ ਜਿੱਥੇ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ, ਰਾਸ਼ਟਰਪਤੀ-ਪ੍ਰਧਾਨ ਮੰਤਰੀ, ਸੰਸਦ ਮੈਂਬਰਾਂ, ਨੌਕਰਸ਼ਾਹਾਂ ਅਤੇ ਅਧਿਕਾਰੀਆਂ ਨੂੰ ਵਿਦੇਸ਼ੀ ਪਤਵੰਤਿਆਂ ਦੁਆਰਾ ਦਿੱਤੇ ਤੋਹਫ਼ੇ ਰੱਖੇ ਜਾਂਦੇ ਹਨ। ਇਮਰਾਨ ਖਾਨ 'ਤੇ ਦੋਸ਼ ਹੈ ਕਿ ਉਹ ਤੋਸ਼ਾਖਾਨੇ 'ਤੇ ਰੱਖੇ ਤੋਹਫ਼ੇ (ਜਿਸ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਵਜੋਂ ਮਿਲੀ ਮਹਿੰਗੀ ਘੜੀ ਵੀ ਸ਼ਾਮਲ ਹੈ) ਘੱਟ ਕੀਮਤ 'ਤੇ ਖਰੀਦਿਆ ਅਤੇ ਫਿਰ ਮੁਨਾਫਾ ਕਮਾਉਣ ਲਈ ਉਨ੍ਹਾਂ ਨੂੰ ਵੇਚ ਦਿੱਤਾ। 

ਪੀਟੀਆਈ ਮੁਖੀ ਨੇ ਐਤਵਾਰ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਲਈ ਲਾਹੌਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਦੋਂ ਇਸਲਾਮਾਬਾਦ ਪੁਲਸ ਦੀ ਇੱਕ ਟੀਮ ਤੋਸ਼ਾਖਾਨਾ ਕੇਸ ਦੀ ਸੁਣਵਾਈ ਵਿੱਚ ਹਾਜ਼ਰ ਨਾ ਹੋਣ ਕਾਰਨ ਉਸਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਜ਼ਮਾਨ ਪਾਰਕ ਸਥਿਤ ਘਰ ਪਹੁੰਚੀ ਸੀ। ਖਾਨ ਦੀ ਕਾਨੂੰਨੀ ਟੀਮ ਨੇ ਹਾਲਾਂਕਿ ਭਰੋਸਾ ਦਿੱਤਾ ਕਿ ਉਹ 7 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ, ਜਿਸ ਤੋਂ ਬਾਅਦ ਪੁਲਸ ਟੀਮ ਵਾਪਸ ਪਰਤ ਗਈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਹ ਪਿਛਲੇ ਸਾਲ ਵਜ਼ੀਰਾਬਾਦ ਵਿੱਚ ਹੋਏ ਜਾਨਲੇਵਾ ਹਮਲੇ ਵਿੱਚ ਲੱਗੀ ਗੋਲੀ ਦੀ ਸੱਟ ਤੋਂ ਠੀਕ ਹੋ ਰਹੇ ਹਨ। ਇਸ ਤੋਂ ਪਹਿਲਾਂ ਉਹ ਇਸ ਮਾਮਲੇ ਵਿੱਚ ਤਿੰਨ ਵਾਰ ਸੁਣਵਾਈ ਵਿੱਚ ਹਾਜ਼ਰ ਨਹੀਂ ਹੋਏ ਸਨ। ਖ਼ਾਨ ਨੂੰ ਗੋਲੀ ਲੱਗਣ ਤੋਂ ਬਾਅਦ ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ। ਉਦੋਂ ਤੋਂ ਮੈਡੀਕਲ ਕਾਰਨਾਂ ਕਰਕੇ ਉਸ ਦੀ ਜ਼ਮਾਨਤ ਦੀ ਮਿਆਦ ਵਧਾਈ ਜਾ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News