ਜਾਇਦਾਦ ਮਾਮਲੇ ''ਚ ਸਾਬਕਾ ਰਾਸ਼ਟਰਪਤੀ ਨੂੰ ਅਦਾਲਤ ਵਲੋਂ ਨੋਟਿਸ
Thursday, Apr 04, 2019 - 04:11 PM (IST)

ਇਸਲਾਮਾਬਾਦ (ਭਾਸ਼ਾ)- ਇਸਬਾਮਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ
ਜ਼ਰਦਾਰੀ ਨੂੰ ਅਯੋਗ ਸੰਸਦ ਮੈਂਬਰ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ ਜਾਇਦਾਦ ਦੇ
10 ਲੱਖ ਡਾਲਰ ਤੋਂ ਜ਼ਿਆਦਾ ਜਾਇਦਾਦ ਦੇ ਵੇਰਵੇ ਲੁਕਾਉਣ ਦਾ ਦੋਸ਼ ਹੈ। ਇਹ ਪਟੀਸ਼ਨ ਸੱਤਾਧਾਰੀ ਪਾਕਿਸਤਾਨ
ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਨੇਤਾ ਖੁਰਮ ਸ਼ੇਰ ਜਮਾਂ ਅਤੇ ਉਸਮਾਨ ਡਾਰ ਨੇ ਦਾਇਰ ਕੀਤੀ ਹੈ। ਇਸ ਵਿਚ ਕਿਹਾ
ਗਿਆ ਹੈ ਕਿ ਬੀਤੇ ਸਾਲ ਚੋਣ ਕਮਿਸ਼ਨ ਵਿਚ ਜ਼ਰਦਾਰੀ ਵਲੋਂ ਦਾਇਰ ਜਾਣਕਾਰੀ ਵਿਚ ਇਹ ਗੱਲ ਨਹੀਂ ਦੱਸੀ ਗਈ ਸੀ ਕਿ ਉਨ੍ਹਾਂ
ਕੋਲ ਨਿਊਯਾਰਕ ਵਿਚ 10 ਲੱਖ ਡਾਲਰ ਦੀ ਕੀਮਤ ਵਾਲਾ ਇਕ ਫਲੈਟ ਅਤੇ ਦੋ ਬੁਲਟਪਰੂਫ ਗੱਡੀਆਂ ਹਨ। ਇਸ ਲਈ ਬਤੌਰ
ਸੰਸਦ ਮੈਂਬਰ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ ਜਾਵੇ।
ਪਟੀਸ਼ਨ ਵਿਚ ਕਿਹਾ ਗਿਆ ਕਿ 10 ਲੱਖ 90 ਹਜ਼ਾਰ ਡਾਲਰ ਦੀ ਕੀਮਤ ਦੀ ਇਸ ਜਾਇਦਾਦ ਬਾਰੇ ਜਾਣਕਾਰੀ ਨਹੀਂ ਦਿੱਤੀ
ਗਈ। ਮੁੱਖ ਜੱਜ ਅਤਹਰ ਮੀਨਾਉੱਲਾ ਨੇ ਕਿਹਾ ਕਿ ਅਜਿਹੇ ਮਾਮਲਿਆਂ ਲਈ ਸੰਸਦ ਹੀ ਸਹੀ ਮੰਚ ਹੈ ਪਰ 63 ਸਾਲਾ ਜ਼ਰਦਾਰੀ ਨੂੰ
ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਪ੍ਰਧਾਨ ਹਨ। ਜ਼ਰਦਾਰੀ ਨੂੰ 2018
ਵਿਚ ਸਿੰਧ ਇਲਾਕੇ ਤੋਂ ਨੈਸ਼ਨਲ ਅਸੈਂਬਲੀ ਲਈ ਚੁਣਿਆ ਗਿਆ ਸੀ। ਕਾਨੂੰਨ ਮੁਤਾਬਕ ਇਕ ਉਮੀਦਵਾਰ ਨੂੰ ਆਪਣੀ ਸਾਰੀ
ਜਾਇਦਾਦ ਦਾ ਖੁਲਾਸਾ ਕਰਨਾ ਹੁੰਦਾ ਹੈ ਨਹੀਂ ਤਾਂ ਉਸ ਨੂੰ ਅਯੋਗ ਐਲਾਨ ਦਿੱਤਾ ਜਾਂਦਾ ਹੈ। ਜ਼ਰਦਾਰੀ ਨੇ 2008 ਤੋਂ 2013 ਤੱਕ
ਦੇਸ਼ ਦੇ 11ਵੇਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਇਹ ਸੱਤਾਧਾਰੀ
ਦਸਤੇ ਦੀ ਮੁਹਿੰਮ ਦਾ ਹਿੱਸਾ ਹੈ ਤਾਂ ਜੋ ਵਿਰੋਧੀ ਧਿਰ ਨੇਤਾਵਾਂ ਦੀ ਛਵੀ ਨੂੰ ਧੁੰਦਲਾ ਕੀਤਾ ਜਾ ਸਕੇ।