ਬਿ੍ਰਟੇਨ ਲਈ ਕੋਰੋਨਾਵਾਇਰਸ ਇਕ 'ਤ੍ਰਾਸਦੀ' : ਬੋਰਿਸ ਜਾਨਸਨ
Tuesday, Jun 30, 2020 - 12:27 AM (IST)

ਲੰਡਨ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਹੈ ਕਿ ਕੋਰੋਨਾਵਾਇਰਸ ਸੰਕਟ ਬਿ੍ਰਟੇਨ ਦੇ ਲਈ 'ਤ੍ਰਾਸਦੀ' ਸਾਬਿਤ ਹੋਇਆ ਹੈ। ਹਾਲਾਂਕਿ, ਉਨ੍ਹਾਂ ਆਖਿਆ ਕਿ ਹੁਣ ਇਸ ਗੱਲ ਲਈ ਸਹੀ ਸਮੇਂ ਨਹੀਂ ਹੈ ਕਿ ਗਲਤੀ ਕਿਥੇ ਹੋਈ। ਟਾਈਮਸ ਰੇਡੀਓ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਇਹ ਇਕ ਤ੍ਰਾਸਦੀ ਰਹੀ ਹੈ, ਅਸੀਂ ਇਸ ਨੂੰ ਘੱਟ ਕਰਕੇ ਨਹੀਂ ਦੱਸ ਸਕਦੇ। ਦੇਸ਼ ਦੇ ਲਈ ਇਹ ਇਕ ਡਰਾਉਣਾ ਅਨੁਭਵ ਰਿਹਾ ਹੈ।
ਕੋਵਿਡ-19 ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਆਈ. ਸੀ. ਯੂ. ਵਿਚ ਦਾਖਲ ਰਹਿ ਚੁੱਕੇ ਜਾਨਸਨ ਨੇ ਆਖਿਆ ਕਿ ਜਿੰਨਾ ਦੀ ਮੌਤ ਹੋਈ ਹੈ ਅਤੇ ਜਿਨ੍ਹਾਂ ਨੂੰ ਵਾਇਰਸ ਕਾਰਨ ਦੁੱਖ ਝੱਲਣਾ ਪਿਆ ਹੈ, ਉਨ੍ਹਾਂ ਦੇ ਪ੍ਰਤੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਪਤਾ ਲਗਾਇਆ ਜਾਵੇ ਕਿ ਕਿਥੇ ਕਿਹੜੀ ਗਲਤੀ ਹੋਈ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝਦਾ ਹਾਂ। ਮੇਰਾ ਖਿਆਲ ਹੈ ਕਿ ਸ਼ਾਇਦ ਇਸ ਦੇ ਲਈ ਹੁਣ ਸਹੀ ਸਮਾਂ ਨਹੀਂ ਹੈ ਕਿਉਂਕਿ ਹਰ ਕੋਈ ਮੁਸ਼ਕਿਲ ਵਿਚ ਹੈ। ਮੈਨੂੰ ਨਹੀਂ ਲੱਗਦਾ ਕਿ ਹੁਣ ਅਧਿਕਾਰੀਆਂ ਦਾ ਜ਼ਿਆਦਾ ਸਮਾਂ ਇਸ 'ਤੇ ਲਗਾਇਆ ਜਾਵੇ। ਉਥੇ ਹੀ ਕੋਰੋਨਾਵਾਇਰਸ ਦੇ ਹੁਣ ਤੱਕ ਬਿ੍ਰਟੇਨ ਵਿਚ 311,965 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 43,575 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੂਰੇ ਬਿ੍ਰਟੇਨ ਵਿਚ ਹੁਣ ਤੱਕ 9,290,215 ਕੋਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ।