ਦੁਨੀਆ ''ਚ ਕੋਰੋਨਾ ਵਾਇਰਸ ਨੇ ਲਈ 8 ਲੱਖ ਲੋਕਾਂ ਦੀ ਜਾਨ
Saturday, Aug 22, 2020 - 11:06 PM (IST)

ਨਿਊਯਾਰਕ (ਏਪੀ): ਵਿਸ਼ਵ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ 8 ਲੱਖ ਹੋ ਗਈ ਤੇ ਤਕਰੀਬਨ 2 ਕਰੋੜ 30 ਲੱਖ ਲੋਕ ਹੁਣ ਤੱਕ ਇਸ ਘਾਤਕ ਇਨਫੈਕਸ਼ਨ ਦੀ ਚਪੇਟ ਵਿਚ ਆ ਚੁੱਕੇ ਹਨ। ਮ੍ਰਿਤਕਾਂ ਤੇ ਇਨਫੈਕਟਿਡ ਲੋਕਾਂ ਦੀ ਇਹ ਉਹ ਅੰਕੜਾ ਹੈ ਜਿਥੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਅਸਲ ਗਿਣਤੀ ਇਸ ਤੋਂ ਵਧੇਰੇ ਹੋ ਸਕਦੀ ਹੈ।
ਜਾਨ ਹਾਪਕਿਨਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਵਿਸ਼ਵ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8 ਲੱਖ ਹੋ ਗਈ ਤੇ ਇਨਫੈਕਟਿਡ ਲੋਕਾਂ ਦੀ ਗਿਣਤੀ ਤਕਰੀਬਨ ਦੋ ਕਰੋੜ 30 ਲੱਖ ਤੱਕ ਪਹੁੰਚ ਗਈ। ਸਰਕਾਰਾਂ ਹੁਣ ਜਨ-ਸਿਹਤ ਤੇ ਆਰਥਿਕ ਸਿਹਤ ਦੇ ਵਿਚਾਲੇ ਸੰਤੁਲਨ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮ੍ਰਿਤਕਾਂ ਤੇ ਇਨਫੈਕਟਿਡਾਂ ਲੋਕਾਂ ਦੀ ਗਿਣਤੀ ਮੁਹੱਈਆ ਅੰਕੜਿਆਂ ਤੋਂ ਕਿਤੇ ਵਧੇਰੇ ਹੋ ਸਕਦੀ ਹੈ ਕਿਉਂਕਿ ਕਈ ਮਾਮਲੇ ਸਾਹਮਣੇ ਨਹੀਂ ਆ ਸਕੇ ਹਨ।
ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 56 ਲੱਖ ਹੈ, ਪਰ ਸ਼ੱਕ ਹੈ ਕਿ ਅਸਲ ਗਿਣਤੀ ਇਸ ਤੋਂ 10 ਗੁਣਾ ਵਧੇਰੇ ਹੋ ਸਕਦੀ ਹੈ। ਕੋਵਿਡ-19 ਕਾਰਣ ਮੌਤ ਦੇ ਮਾਮਲਿਆਂ ਵਿਚ ਅਮਰੀਕਾ ਪੂਰੀ ਦੁਨੀਆ ਵਿਚ ਸਭ ਤੋਂ ਉੱਪਰ ਹੈ ਜਿਥੇ 1,75,000 ਤੋਂ ਵਧੇਰੇ ਲੋਕਾਂ ਦੀ ਇਸ ਮਹਾਮਾਰੀ ਕਾਰਣ ਮੌਤ ਹੋਈ ਹੈ।