ਕੋਰੋਨਾ ਵਾਇਰਸ ਨੇ ਲਈ ਸੈਂਕੜੇ ਅਮਰੀਕੀ ਪੁਲਸ ਅਧਿਕਾਰੀਆਂ ਦੀ ਜਾਨ
Friday, Oct 08, 2021 - 03:24 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਰਨ ਵਾਲੇ ਨਾਗਰਿਕਾਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ। ਆਮ ਲੋਕਾਂ ਅਤੇ ਹੋਰ ਕਾਰੋਬਾਰਾਂ, ਮਹਿਕਮਿਆਂ ਦੇ ਨਾਲ-ਨਾਲ ਸੈਂਕੜੇ ਪੁਲਸ ਅਧਿਕਾਰੀ ਵੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਕੋਰੋਨਾ ਮਹਾਂਮਾਰੀ ਨੇ ਦੇਸ਼ ਭਰ ਦੇ ਪੁਲਸ ਵਿਭਾਗਾਂ 'ਤੇ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਪੁਲਸ ਦੇ ਫਰਟਰਲਨ ਆਰਡਰ ਦੇ ਅਨੁਸਾਰ, ਮਾਰਚ 2020 ਤੋਂ ਹੁਣ ਤੱਕ ਤਕਰੀਬਨ 716 ਪੁਲਸ ਅਫਸਰਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੀ ਅਜੇ ਤੱਕ ਕੁੱਝ ਪੁਲਸ ਅਧਿਕਾਰੀਆਂ ਵਿੱਚ ਕੋਰੋਨਾ ਟੀਕਾਕਰਨ ਕਰਵਾਉਣ ਲਈ ਝਿਜਕ ਹੈ। ਪੁਲਸ ਵਿਭਾਗ ਦੇ ਅਨੁਸਾਰ, ਮੈਮਫਿਸ ਅਤੇ ਲੂਇਸਵਿਲੇ ਵਿੱਚ, ਸਿਰਫ 47% ਅਧਿਕਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ, ਜਦਕਿ ਫਿਲਾਡੇਲਫਿਆ ਵਿੱਚ, ਪੁਲਸ ਵਿਭਾਗ ਦੇ ਸਿਰਫ 13% ਕਰਮਚਾਰੀਆਂ ਨੇ ਟੀਕਾਕਰਨ ਦੇ ਸਬੂਤ ਮੁਹੱਈਆ ਕਰਵਾਏ ਹਨ। ਪੁਲਸ ਅਧਿਕਾਰੀਆਂ ਤੋਂ ਇਲਾਵਾ ਬਹੁਤ ਸਾਰੇ ਫਾਇਰ ਫਾਈਟਰ ਵੀ ਵੈਕਸੀਨ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਰਹੇ ਹਨ। ਕੁੱਝ ਮਾਮਲਿਆਂ ਵਿੱਚ, ਪੁਲਸ ਅਧਿਕਾਰੀ ਅਤੇ ਫਾਇਰ ਫਾਈਟਰਜ਼ ਕਹਿ ਰਹੇ ਹਨ ਕਿ ਉਨ੍ਹਾਂ ਦੇ ਕਰੀਅਰ ਵਿੱਚ ਵੈਕਸੀਨ ਸਬੰਧੀ ਫੈਸਲਾ ਲੈਣਾ ਸਭ ਤੋਂ ਮੁਸ਼ਕਿਲ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।