ਹੁਣ ਸਿਰਫ਼ ਸ਼ੌਕ ਨਹੀਂ, ਪੇਸ਼ਾ ਬਣ ਰਿਹਾ ਕੰਟੈਂਟ ਕ੍ਰਿਏਸ਼ਨ ! ਵਿਦੇਸ਼ੀ ਯੂਨੀਵਰਸਿਟੀਆਂ ''ਚ ਸ਼ੁਰੂ ਹੋਏ ਡਿਗਰੀ ਕੋਰਸ

Monday, Oct 26, 2026 - 05:14 PM (IST)

ਹੁਣ ਸਿਰਫ਼ ਸ਼ੌਕ ਨਹੀਂ, ਪੇਸ਼ਾ ਬਣ ਰਿਹਾ ਕੰਟੈਂਟ ਕ੍ਰਿਏਸ਼ਨ ! ਵਿਦੇਸ਼ੀ ਯੂਨੀਵਰਸਿਟੀਆਂ ''ਚ ਸ਼ੁਰੂ ਹੋਏ ਡਿਗਰੀ ਕੋਰਸ

ਇੰਟਰਨੈਸ਼ਨਲ ਡੈਸਕ- ਕਦੇ ਸੋਸ਼ਲ ਮੀਡੀਆ ’ਤੇ ਰੀਲ ਬਣਾਉਣਾ, ਵੀਡੀਓ ਤਿਆਰ ਕਰਨਾ ਜਾਂ ਯੂਟਿਊਬ ਚੈਨਲ ਚਲਾਉਣਾ ਸਿਰਫ ਸ਼ੌਕ ਮੰਨਿਆ ਜਾਂਦਾ ਸੀ ਪਰ ਡਿਜੀਟਲ ਇਕਾਨਮੀ ਦੇ ਵਿਸਥਾਰ ਨੇ ਇਸ ਸ਼ੌਕ ਨੂੰ ਬਾਕਾਇਦਾ ਪੇਸ਼ੇ ਵਿਚ ਬਦਲ ਦਿੱਤਾ ਹੈ। ਹੁਣ ਦੁਨੀਆ ਦੀਆਂ ਕਈ ਯੂਨੀਵਰਸਿਟੀਆਂ ਕੰਟੈਂਟ ਕ੍ਰਿਏਸ਼ਨ ਨੂੰ ਰਸਮੀ ਪੜ੍ਹਾਈ ਦਾ ਹਿੱਸਾ ਬਣਾ ਰਹੀਆਂ ਹਨ। ਵਿਦਿਆਰਥੀਆਂ ਨੂੰ ਨਾ ਸਿਰਫ਼ ਵੀਡੀਓ ਬਣਾਉਣ, ਸਗੋਂ ਡਿਜੀਟਲ ਮਾਰਕੀਟਿੰਗ, ਡਾਟਾ ਐਨਾਲਿਟਿਕਸ, ਬ੍ਰਾਂਡਿੰਗ ਅਤੇ ਸੋਸ਼ਲ ਮੀਡੀਆ ਪ੍ਰਬੰਧਨ ਦੀਆਂ ਬਾਰੀਕੀਆਂ ਵੀ ਸਿਖਾਈਆਂ ਜਾ ਰਹੀਆਂ ਹਨ। ਇਸ ਸਭ ਦਾ ਮਕਸਦ ਡਿਜੀਟਲ ਮੰਚਾਂ ’ਤੇ ਵਧ ਰਹੇ ਕਾਰੋਬਾਰ ਲਈ ਸਿਖਲਾਈ ਪ੍ਰਾਪਤ ਪੇਸ਼ੇਵਰ ਤਿਆਰ ਕਰਨਾ ਹੈ।

ਕੰਪਨੀਆਂ ਨੂੰ ਚਾਹੀਦੇ ਹਨ ਡਿਜੀਟਲ ਹੁਨਰ ਵਾਲੇ ਪੇਸ਼ੇਵਰ
ਕੰਟੈਂਟ ਕ੍ਰਿਏਸ਼ਨ ਦੀ ਪੜ੍ਹਾਈ ਦੇ ਪਿੱਛੇ ਸੋਸ਼ਲ ਮੀਡੀਆ ਦੀ ਹਰਮਨਪਿਆਰਤਾ ਹੀ ਨਹੀਂ, ਕੰਪਨੀਆਂ ਦੀਆਂ ਬਦਲਦੀਆਂ ਲੋੜਾਂ ਵੀ ਵੱਡੀ ਵਜ੍ਹਾ ਹਨ। ਕਾਰੋਬਾਰ ਹੁਣ ਆਪਣੇ ਉਤਪਾਦਾਂ ਤੇ ਸੇਵਾਵਾਂ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਡਿਜੀਟਲ ਮੰਚਾਂ ਦਾ ਸਹਾਰਾ ਲੈ ਰਹੇ ਹਨ। ਇਸ ਲਈ ਅਜਿਹੇ ਲੋਕਾਂ ਦੀ ਮੰਗ ਵਧ ਰਹੀ ਹੈ, ਜੋ ਆਕਰਸ਼ਕ ਵੀਡੀਓ ਤੇ ਪੋਸਟ ਤਿਆਰ ਕਰਨ ਦੇ ਨਾਲ-ਨਾਲ ਦਰਸ਼ਕਾਂ ਦੀ ਪਸੰਦ ਸਮਝ ਸਕਣ, ਬ੍ਰਾਂਡ ਦੀ ਪਛਾਣ ਬਣਾ ਸਕਣ ਅਤੇ ਡਿਜੀਟਲ ਮੁਹਿੰਮ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰ ਸਕਣ। ਇਸੇ ਲੋੜ ਨੇ ਕੰਟੈਂਟ ਰਾਈਟਰ, ਵੀਡੀਓ ਪ੍ਰੋਡਿਊਸਰ, ਸੋਸ਼ਲ ਮੀਡੀਆ ਸਟ੍ਰੈਟੇਜਿਸਟ, ਕੰਟੈਂਟ ਮੈਨੇਜਰ ਤੇ ਪੌਡਕਾਸਟ ਪ੍ਰੋਡਿਊਸਰ ਵਰਗੇ ਕੈਰੀਅਰ ਆਪਸ਼ਨਜ਼ ਨੂੰ ਵਿਸਤਾਰ ਦਿੱਤਾ ਹੈ।

ਵਿਦੇਸ਼ੀ ਯੂਨੀਵਰਸਿਟੀਆਂ ’ਚ ਸ਼ੁਰੂ ਹੋਏ ਨਵੇਂ ਕੋਰਸ
ਬ੍ਰਿਟੇਨ ਦੀ ਨਾਟਿੰਘਮ ਟ੍ਰੈਂਟ ਯੂਨੀਵਰਸਿਟੀ ਨੇ 2022 ਵਿਚ ਕੰਟੈਂਟ ਕ੍ਰਿਏਸ਼ਨ ਨਾਲ ਸਬੰਧਤ ਡਿਗਰੀ ਕੋਰਸ ਸ਼ੁਰੂ ਕੀਤਾ। ਇਸ ਤੋਂ ਬਾਅਦ ਆਸਟ੍ਰੇਲੀਆ ਦੀ ਏ. ਸੀ. ਯੂ. ਵਿਚ 2024-25 ਦੌਰਾਨ ਕੰਟੈਂਟ ਕ੍ਰਿਏਸ਼ਨ ਅਤੇ ਸੋਸ਼ਲ ਮੀਡੀਆ ਨਾਲ ਸਬੰਧਤ ਪੜ੍ਹਾਈ ਦੇ ਆਪਸ਼ਨਜ਼ ਸਾਹਮਣੇ ਆਏ।

ਇਨ੍ਹਾਂ ਕੋਰਸਾਂ ਵਿਚ ਡਿਜੀਟਲ ਮਾਰਕੀਟਿੰਗ, ਡਾਟਾ ਐਨਾਲਿਟਿਕਸ, ਵੀਡੀਓ ਪ੍ਰੋਡਕਸ਼ਨ ਤੇ ਮੀਡੀਆ ਐਥਿਕਸ ਵਰਗੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਦੀ ਐਰੀਜ਼ੋਨਾ ਸਟੇਟ ਯੂਨੀਵਰਸਿਟੀ ’ਚ ਵੀ ਕੰਟੈਂਟ ਕ੍ਰਿਏਸ਼ਨ ਵਿਚ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਦਾ ਆਪਸ਼ਨ ਉਪਲਬਧ ਹੈ। ਇਨ੍ਹਾਂ ਪਹਿਲਕਦਮੀਆਂ ਤੋਂ ਸਪੱਸ਼ਟ ਹੈ ਕਿ ਸੋਸ਼ਲ ਮੀਡੀਆ ਨਾਲ ਜੁੜੀਆਂ ਕਾਬਲੀਅਤਾਂ ਨੂੰ ਹੁਣ ਵਿਵਸਥਿਤ ਸਿਖਲਾਈ ਅਤੇ ਅਕਾਦਮਿਕ ਸਿੱਖਿਆ ਰਾਹੀਂ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

ਭਾਰਤ ’ਚ ਵੀ ਤੇਜ਼ੀ ਨਾਲ ਵਧ ਰਿਹੈ ਬਾਜ਼ਾਰ
ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਅਤੇ ਸ਼ੇਸ਼ਫੇਮ ਦੀ 2026 ਦੀ ਰਿਪੋਰਟ ਮੁਤਾਬਕ ਭਾਰਤ ਵਿਚ ਕ੍ਰਿਏਟਰਾਂ ਦੀ ਗਿਣਤੀ 2020 ਵਿਚ ਲੱਗਭਗ 9.6 ਲੱਖ ਤੋਂ ਵਧ ਕੇ 2025 ਵਿਚ 41.2 ਲੱਖ ਹੋ ਗਈ। ਇਨ੍ਹਾਂ ਵਿਚ ਲੱਗਭਗ 66 ਫ਼ੀਸਦੀ ਗ਼ੈਰ-ਮੈਟਰੋ ਖੇਤਰਾਂ ਤੋਂ ਹਨ। ਇਹ ਅੰਕੜਾ ਦੱਸਦਾ ਹੈ ਕਿ ਕੰਟੈਂਟ ਕ੍ਰਿਏਸ਼ਨ ਹੁਣ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹੈ। ਛੋਟੇ ਸ਼ਹਿਰਾਂ ਅਤੇ ਖੇਤਰੀ ਭਾਸ਼ਾਵਾਂ ਵਿਚ ਵੀ ਹੁਨਰਮੰਦਾਂ ਲਈ ਮੌਕੇ ਵਧ ਰਹੇ ਹਨ। ਡਿਜੀਟਲ ਮੰਚਾਂ ਨੇ ਸਥਾਨਕ ਵਿਸ਼ਿਆਂ, ਬੋਲੀਆਂ ਅਤੇ ਜੀਵਨ-ਸ਼ੈਲੀ ਨਾਲ ਜੁੜੇ ਕੰਟੈਂਟ ਨੂੰ ਵੱਡੇ ਪੱਧਰ ’ਤੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਰਸਤਾ ਖੋਲ੍ਹਿਆ ਹੈ।

ਪੱਤਰਕਾਰੀ ਨਾਲੋਂ ਵੱਖਰਾ ਹੈ ਕੰਟੈਂਟ ਕ੍ਰਿਏਸ਼ਨ
ਕੰਟੈਂਟ ਕ੍ਰਿਏਸ਼ਨ ਤੇ ਪੱਤਰਕਾਰੀ ਵਿਚਕਾਰ ਫ਼ਰਕ ਸਮਝਣਾ ਵੀ ਜ਼ਰੂਰੀ ਹੈ। ਪੱਤਰਕਾਰੀ ਦਾ ਕੇਂਦਰ ਜਨਹਿੱਤ, ਤੱਥ-ਜਾਂਚ, ਨਿਰਪੱਖਤਾ ਤੇ ਜਵਾਬਦੇਹੀ ਹੈ, ਜਦੋਂਕਿ ਕੰਟੈਂਟ ਕ੍ਰਿਏਸ਼ਨ ਦਾ ਦਾਇਰਾ ਮਨੋਰੰਜਨ, ਸਿੱਖਿਆ, ਜੀਵਨ-ਸ਼ੈਲੀ, ਡਿਜੀਟਲ ਸੰਵਾਦ ਅਤੇ ਬ੍ਰਾਂਡ ਪ੍ਰਚਾਰ ਤੱਕ ਫੈਲਿਆ ਹੋਇਆ ਹੈ। ਦੋਵਾਂ ਖੇਤਰਾਂ ਵਿਚ ਰਚਨਾਤਮਕਤਾ ਤੇ ਸੰਚਾਰ ਹੁਨਰ ਦੀ ਲੋੜ ਪੈਂਦੀ ਹੈ ਪਰ ਪੱਤਰਕਾਰੀ ਵਿਚ ਤੱਥਾਂ ਦੀ ਪੁਸ਼ਟੀ ਅਤੇ ਜਨਤਕ ਜ਼ਿੰਮੇਵਾਰੀ ਦੀ ਭੂਮਿਕਾ ਵਿਸ਼ੇਸ਼ ਅਹਿਮੀਅਤ ਰੱਖਦੀ ਹੈ।

3 ਸਾਲ ਦੀ ਡਿਗਰੀ ਦੀ ਫ਼ੀਸ 38 ਲੱਖ ਰੁਪਏ
ਵਿਦੇਸ਼ ਵਿਚ ਇਸ ਖੇਤਰ ਦੀ ਪੜ੍ਹਾਈ ਦਾ ਖ਼ਰਚਾ ਵੀ ਘੱਟ ਨਹੀਂ ਹੈ। ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ 21 ਸਾਲਾ ਡੈਸਟਿਨੀ ਮੈਕਗਾਵਨ ਨੇ ਨਾਟਿੰਘਮ ਟ੍ਰੈਂਟ ਯੂਨੀਵਰਸਿਟੀ ਵਿਚ ਕੰਟੈਂਟ ਕ੍ਰਿਏਸ਼ਨ ਦੀ 3 ਸਾਲਾ ਡਿਗਰੀ ਲਈ 30 ਹਜ਼ਾਰ ਪੌਂਡ (ਲੱਗਭਗ 38 ਲੱਖ ਰੁਪਏ) ਖ਼ਰਚ ਕੀਤੇ।

ਇਸ ਉਦਾਹਰਣ ਤੋਂ ਸਪੱਸ਼ਟ ਹੈ ਕਿ ਕੁਝ ਵਿਦਿਆਰਥੀ ਇਸ ਖੇਤਰ ਵਿਚ ਪੇਸ਼ੇਵਰ ਪਛਾਣ ਬਣਾਉਣ ਲਈ ਵੱਡੀ ਰਕਮ ਨਿਵੇਸ਼ ਕਰਨ ਲਈ ਤਿਆਰ ਹਨ। ਹਾਲਾਂਕਿ ਮਹਿੰਗੀ ਡਿਗਰੀ ਆਪਣੇ-ਆਪ ਵਿਚ ਸਫ਼ਲਤਾ ਦੀ ਗਾਰੰਟੀ ਨਹੀਂ ਹੈ। ਵਿਹਾਰਕ ਤਜਰਬਾ, ਰਚਨਾਤਮਕਤਾ, ਤਕਨੀਕੀ ਮੁਹਾਰਤ ਅਤੇ ਬਦਲਦੇ ਡਿਜੀਟਲ ਰੁਝਾਨਾਂ ਨੂੰ ਸਮਝਣਾ ਵੀ ਓਨਾ ਹੀ ਜ਼ਰੂਰੀ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News