ਜਲਵਾਯੂ ਤਬਦੀਲੀ : ਨਿਊਜ਼ੀਲੈਂਡ 'ਚ ਇਸ ਸਾਲ ਸਭ ਤੋਂ ਵੱਧ ਗਰਮ ਰਿਹਾ ਸਰਦੀਆਂ ਦਾ ਮੌਸਮ
Monday, Sep 06, 2021 - 12:52 PM (IST)
 
            
            ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਹਾਲ ਹੀ ਵਿਚ ਖ਼ਤਮ ਹੋਇਆ ਸਰਦੀਆਂ ਦਾ ਮੌਸਮ ਹੁਣ ਤੱਕ ਸਭ ਤੋਂ ਵੱਧ ਗਰਮ ਰਿਹਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਸ ਦਾ ਕਾਰਨ ਜਲਵਾਯੂ ਤਬਦੀਲੀ ਹੈ। ਨਿਊਜ਼ੀਲੈਂਡ ਦੀ ਰਾਸ਼ਟਰੀ ਜਲ ਅਤੇ ਵਾਯੂਮੰਡਲੀ ਖੋਜ ਸੰਸਥਾ ਮੁਤਾਬਕ ਅਗਸਤ ਸਮੇਤ ਤਿੰਨ ਮਹੀਨਿਆਂ ਵਿਚ ਔਸਤ ਤਾਪਮਾਨ 9.8 ਡਿਗਰੀ ਸੈਲਸੀਅਸ ਰਿਹਾ ਹੈ। ਇਹ ਲੰਬੀ ਮਿਆਦ ਦੀ ਔਸਤ ਤੋਂ 1.3 ਡਿਗਰੀ ਸੈਲਸੀਅਸ ਵੱਧ ਹੈ ਅਤੇ ਪਿਛਲੇ ਸਾਲ ਦੇ ਵੱਧ ਤੋਂ ਵੱਧ ਤਾਪਮਾਨ ਤੋਂ 0.2 ਡਿਗਰੀ ਸੈਲਸੀਅਸ ਵੱਧ ਹੈ।
ਵਿਗਿਆਨੀ 1908 ਤੋਂ ਤਾਪਮਾਨ 'ਤੇ ਨਜ਼ਰ ਰੱਖ ਰਹੇ ਹਨ ਪਰ ਸਰਦੀਆਂ ਦੇ ਉਹ ਮੌਸਮ ਹਾਲ ਹੀ ਦੇ ਹਨ ਜਦੋਂ ਤਾਪਮਾਨ ਵੱਧ ਦਰਜ ਕੀਤਾ ਗਿਆ ਹੈ। ਸੰਸਥਾ ਦੇ ਮੌਸਮ ਵਿਗਿਆਨੀ ਨਾਵਾ ਫੇਡੇਫ ਨੇ ਦੱਸਿਆ ਕਿ ਗਲੋਬਲ ਤਾਪਮਾਨ ਵਿਚ ਵਾਧੇ ਦੀ ਪਿੱਠਭੂਮੀ ਵਿਚ ਇਸ ਸਾਲ ਉੱਤਰ ਦਿਸ਼ਾ ਵਿਚ ਵੱਧ ਗਰਮ ਹਵਾਵਾਂ ਚੱਲੀਆਂ ਅਤੇ ਸਮੁੰਦਰ ਦਾ ਤਾਪਮਾਨ ਵੀ ਵੱਧ ਰਿਹਾ। ਉਹਨਾਂ ਨੇ ਕਿਹਾ ਕਿ ਵੱਧਦੇ ਤਾਪਮਾਨ ਨੂੰ ਕਾਰਬਨ ਡਾਈਆਕਸਾਈਡ ਕੰਸਨਟ੍ਰੇਸ਼ਨ ਜ਼ਰੀਏ ਦੇਖਿਆ ਜਾ ਸਕਦਾ ਹੈ। ਨਿਊਜ਼ੀਲੈਂਡ ਵਿਚ ਕਾਰਬਨ ਡਾਈਆਕਸਾਈਡ ਕੰਸਨਟ੍ਰੇਸ਼ਨ 50 ਸਾਲ ਪਹਿਲਾਂ 320 ਭਾਗ ਪ੍ਰਤੀ 10 ਲੱਖ (320 ਪੀ.ਪੀ.ਐੱਮ.) ਸੀ, ਜੋ ਅੱਜ 412 ਭਾਗ ਪ੍ਰਤੀ 10 ਲੱਖ (412 ਪੀ.ਪੀ.ਐੱਮ.) ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- UAE ਜਾ ਕੇ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ 'ਗ੍ਰੀਨ ਵੀਜ਼ਾ'
ਉਹਨਾਂ ਨੇ ਕਿਹਾ ਕਿ ਮੌਸਮ ਸੰਬਧੀ ਹੋਰ ਘਟਨਾਕ੍ਰਮ ਵੀ ਹੋਏ ਜਿਵੇਂ ਕਿ ਕਿਸੇ-ਕਿਸੇ ਹਿੱਸੇ ਵਿਚ ਭਿਆਨਕ ਹੜ੍ਹ ਆਇਆ ਤਾਂ ਕਿਤੇ ਸੋਕਾ ਰਿਹਾ। ਵੈਲਿੰਗਟਨ ਦੀ ਵਿਕਟੋਰੀਆ ਯੂਨੀਵਰਸਿਟੀ ਵਿਚ ਜਲਵਾਯੂ ਵਿਗਿਆਨੀ ਪ੍ਰੋਫੈਸਰ ਜੇਮਸ ਰੇਨਵਿਕ ਨੇ ਕਿਹਾ ਕਿ ਇਸ ਨਾਲ ਕੁਦਰਤੀ ਵਾਤਾਵਰਣ ਪ੍ਰਣਾਲੀਆਂ 'ਤੇ ਦਬਾਅ ਪੈ ਰਿਹਾ ਹੈ ਅਤੇ ਸਮਾਂ ਬੀਤਣ ਦੇ ਨਾਲ-ਨਾਲ ਹੋਰ ਪ੍ਰਜਾਤੀਆਂ ਦੇ ਲੁਪਤ ਹੋਣ ਦਾ ਖਤਰਾ ਰਹੇਗਾ। ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕੀਤਾ ਜਾਵੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            