ਚੀਨ ਨੇ ਇਕ ਸਾਲ ’ਚ 30 ਅਤੇ ਪਾਕਿਸਤਾਨ ਨੇ ਬਣਾਏ 5 ਪ੍ਰਮਾਣੂ ਬੰਬ

Tuesday, Jun 15, 2021 - 04:53 AM (IST)

ਚੀਨ ਨੇ ਇਕ ਸਾਲ ’ਚ 30 ਅਤੇ ਪਾਕਿਸਤਾਨ ਨੇ ਬਣਾਏ 5 ਪ੍ਰਮਾਣੂ ਬੰਬ

ਪੇਈਚਿੰਗ - ਦੁਨੀਆ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਮਨੁੱਖੀ ਸੱਭਿਅਤਾ ਪ੍ਰਮਾਣੂ ਬੰਬਾਂ ਦੇ ਜ਼ਖੀਰੇ ’ਤੇ ਬੈਠੀ ਹੋਈ ਹੈ। ਦੁਨੀਆਭਰ ਵਿਚ ਪ੍ਰਮਾਣੂ ਹਥਿਰਾਂ ’ਤੇ ਨਿਗਰਾਨੀ ਰੱਖਣ ਵਾਲੀ ਕੌਮਾਂਤਰੀ ਸੰਸਥਾ ਐੱਸ. ਆਈ. ਪੀ. ਆਰ. ਆਈ. ਦੇ ਮੁਤਾਬਕ, 1990 ਤੋਂ ਬਾਅਦ ਪਹਿਲੀ ਵਾਰ ਦੁਨੀਆ ਵਿਚ ‘ਤਾਇਨਾਤ ਪ੍ਰਮਾਣੂ ਹਥਿਆਰਾਂ’ ਦੀ ਗਿਣਤੀ ਵਿਚ ਗਿਰਾਵਟ ਰੁੱਕ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਮਾਣੂ ਹਥਿਆਰਾਂ ਨਾਲ ਸੰਪੰਨ ਮੁਲਕ ਨਾ ਸਿਰਫ ਹਥਿਆਰਾਂ ਨੂੰ ਖਤਰਨਾਕ ਬਣਾ ਰਹੇ ਹਨ ਸਗੋਂ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਵੀ ਕਰ ਰਹੇ ਹਨ। ਪਿਛਲੇ ਸਾਲ ਇਕੱਲੇ ਚੀਨ ਨੇ 30 ਪ੍ਰਮਾਣੂ ਬੰਬ ਬਣਾਏ ਅਤੇ ‘ਗਰੀਬ’ ਪਾਕਿਸਤਾਨ ਨੇ 5 ਨਵੇਂ ਪ੍ਰਮਾਣੂ ਬੰਬ ਬਣਾਏ ਹਨ।

ਇਹ ਵੀ ਪੜ੍ਹੋ-  ਪੀ.ਐੱਮ. ਜਾਨਸਨ ਨੇ ਲਾਕਡਾਊਨ ਖ਼ਤਮ ਕਰਣ ਦੀ ਮਿਆਦ ਨੂੰ ਚਾਰ ਹਫ਼ਤੇ ਹੋਰ ਵਧਾਇਆ

ਐੱਸ. ਆਈ. ਪੀ. ਆਰ. ਆਈ. ਨੇ ਕਿਹਾ ਕਿ 2020 ਦੇ ਮੁਕਾਬਲੇ 2021 ਵਿਚ ਦੁਨੀਆ ਵਿਚ ਪ੍ਰਮਾਣੂ ਬੰਬਾਂ ਦੀ ਕੁਲ ਗਿਣਤੀ ਵਿਚ ਕਮੀ ਆਈ ਪਰ ਤੁਰੰਤ ਹਮਲੇ ਲਈ ਪ੍ਰਯੋਗ ’ਚ ਆਉਣ ਵਾਲੇ ਪ੍ਰਮਾਣੂ ਬੰਬਾਂ ਦੀ ਗਿਣਤੀ ਵਿਚ ਬਹੂਤ ਵਾਧਾ ਹੋਇਆ ਹੈ। 2021 ਵਿਚ ਪ੍ਰਮਾਣੂ ਹਥਿਆਰ ਸੰਪੰਨ ਦੇਸ਼ਾਂ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਸਰਾਇਲ ਅਤੇ ਉੱਤਰ ਕੋਰੀਆ ਕੋਲ ਕੁਲ ਮਿਲਾ ਕੇ 13.080 ਪ੍ਰਮਾਣੂ ਬੰਬ ਹਨ। 2020 ਵਿਚ ਇਹ ਅੰਕੜਾ 13,400 ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਵੇਂ ਹੀ ਪ੍ਰਮਾਣੂ ਬੰਬਾਂ ਦੀ ਕੁਲ ਗਿਣਤੀ ਵਿਚ ਗਿਰਾਵਟ ਆਈ ਹੋਵੇ ਪਰ ਤੁਰੰਤ ਹਮਲੇ ਲਈ ਫੌਜ ਕੋਲ ਤਾਇਨਾਤ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। 2020 ਵਿਚ ਦੁਨੀਆਭਰ ਵਿਚ 3,700 ਪ੍ਰਮਾਣੂ ਬੰਬ ਤਾਇਨਾਤ ਕੀਤੇ ਗਏ, ਜਦਕਿ 2021 ਵਿਚ 3,825 ਪ੍ਰਮਾਣੂ ਹਥਿਆਰਾਂ ਨੂੰ ਕਿਸੇ ਵੀ ਸਮੇਂ ਹਮਲਾ ਕਰਨ ਲਈ ਤਿਆਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਅਜੀਬੋ-ਗਰੀਬ ਸ਼ਰਤ: ਟੈਕਸੀ ’ਚ ਸਫਰ ਕਰਨ ਦੇ ਪੈਸੇ ਨਹੀਂ ਹਨ ਤਾਂ ਬਣਾਓ ਸਬੰਧ

ਰੂਸ ਅਤੇ ਅਮਰੀਕਾ ’ਚ ਖਿੱਚੋਤਾਣ ਦਾ ਦਿਖਿਆ ਅਸਰ
ਇਹ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਾਈ ਅਲਰਟ ’ਤੇ ਰੱਖੇੱ ਗਏ ਇਨ੍ਹਾਂ ਵਿਨਾਸ਼ਕਾਰੀ ਹਥਿਆਰਾਂ ਵਿਚੋਂ ਸਿਰਫ 2,000 ਪ੍ਰਮਾਣੂ ਬੰਬ ਰੂਸ ਅਤੇ ਅਮਰੀਕਾ ਦੇ ਹਨ। ਐੱਸ. ਆਈ. ਪੀ. ਆਰ. ਆਈ. ਨੇ ਆਪਣੀ ਪਿਛਲੀ ਰਿਪੋਰਟ ਵਿਚ ਕਿਹਾ ਸੀ ਕਿ 1990 ਦੇ ਦਹਾਕੇ ਵਿਚ ਸ਼ੁਰੂ ਹੋਏ ਪ੍ਰਮਾਣੂ ਬੰਬਾਂ ਨੂੰ ਘੱਟ ਕਰਨ ਦੀ ਪ੍ਰਕਿਰਿਆ ਹੁਣ ਠੱਪ ਪੈ ਗਈ ਹੈ. ਅਮਰੀਕਾ ਅਤੇ ਰੂਸ ਪ੍ਰਮਾਣੂ ਹਥਿਆਰਾਂ ਦੇ ਆਪਣੇ ਭੰਡਾਰ ਵਿਚ ਸੁਧਾਰ ਲਈ ਲਗਾਤਾਰ ਕੋਸ਼ਿਸ਼ਾਂ ਵਿਚ ਜੁਟੇ ਹੋਏ ਹਨ। ਦੋਨੋਂ ਦੇਸ਼ਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਵਿਚ ਸਟੀਕ ਹਮਲਾ ਕਰਨ ਦੀ ਸਥਿਤੀ ਵਿਚ 50 ਅਤੇ ਪ੍ਰਮਾਣੂ ਬੰਬ ਤਾਇਨਾਤ ਕੀਤੇ ਹਨ। ਦੂਸਰੇ ਪਾਸੇ, ਰੂਸ ਨੇ ਆਪਣੇ ਹਥਿਆਰਾਂ ਦੇ ਜ਼ਖੀਰੇ ਵਿਚ 180 ਹੋਰ ਪ੍ਰਮਾਣੂ ਹਥਿਆਰ ਜੋੜੇ ਹਨ ਤਾਂ ਜੋ ਉਨ੍ਹਾਂ ਨੂੰ ਅਮਰੀਕਾ ’ਤੇ ਹਮਲਾ ਕਰਨ ਵਿਚ ਸਮਰੱਥ ਮਿਜ਼ਾਇਲਾਂ ਵਿਚ ਤਾਇਨਾਤ ਕੀਤਾ ਜਾ ਸਕੇ।

ਚੀਨ ਅਤੇ ਪਾਕਿਸਤਾਨ ਨੇ ਵੀ ਵਧਾਇਆ ਹਥਿਆਰਾਂ ਦਾ ਜ਼ਖੀਰਾ
ਦੁਨੀਆ ’ਤੇ ਆਪਣਾ ਅਸਰ ਵਧਾਉਣ ਦਾ ਸੁਪਨਾ ਦੇਖ ਰਹੇ ਚੀਨ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਵਿਚ ਵਾਧਾ ਕੀਤਾ ਹੈ। ਇਸ ਤਰ੍ਹਾਂ ਚੀਨ ਕੋਲ ਪ੍ਰਮਾਣੂ ਬੰਬਾਂ ਦੀ ਗਿਣਤੀ ਵਧ ਕੇ 350 ਹੋ ਗਈ ਹੈ। ਠੀਕ ਇਸੇ ਦੌਰਾਨ ਆਰਥਿਕ ਬਦਹਾਲੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਪ੍ਰਮਾਣੂ ਹਥਿਆਰਾਂ ’ਤੇ ਪਾਣੀ ਵਾਂਗ ਪੈਸਾ ਰੋੜ੍ਹਿਆ ਹੈ। ਪਾਕਿਸਤਾਨ ਨੇ ਪਿਛਲੇ ਸਾਲ 5 ਪ੍ਰਮਾਣੂ ਬੰਬ ਤਿਆਰ ਕੀਤੇ ਹਨ। ਇਸ ਤਰ੍ਹਾਂ ਹੁਣ ਕੰਗਾਲ ਪਾਕਿਸਤਾਨ ਕੋਲ 165 ਪ੍ਰਮਾਣੂ ਹਥਿਆਰ ਹਨ। ਭਾਰਤ ਨੇ ਵੀ ਦੋਨਾਂ ਨੂੰ ਚੁਣੌਤੀ ਦੇਣ ਲਈ ਪਿਛਲੇ ਸਾਲ 6 ਨਵੇਂ ਪ੍ਰਮਾਣੂ ਬੰਬ ਬਣਾਏ ਹਨ। ਇਸ ਤਰ੍ਹਾਂ ਭਾਰਤ ਕੋਲ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਧਕੇ 156 ਹੋ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News