Canada ਦੀ PR ਦੇ ਚਾਹਵਾਨ ਪ੍ਰਵਾਸੀਆਂ ਨੂੰ ਵੱਡਾ ਝਟਕਾ
Tuesday, May 27, 2025 - 12:40 PM (IST)

ਟੋਰਾਂਟੋ: ਕੈਨੇਡਾ ਦੀ ਪੀ.ਆਰ. ਉਡੀਕ ਰਹੇ ਹਜ਼ਾਰਾਂ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ 15 ਫ਼ੀਸਦੀ ਕਟੌਤੀ ਕਰ ਦਿੱਤੀ ਗਈ। ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਵਿਚ ਕਟੌਤੀ ਕਰਨ ਮਗਰੋਂ ਪੀ.ਆਰ. ਲੈ ਕੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਿਚ ਤਕਰੀਬਨ 20 ਹਜ਼ਾਰ ਦੀ ਕਮੀ ਆ ਚੁੱਕੀ ਹੈ। ਇੱਥੇ ਦੱਸ ਦਈਏ ਕਿ ਕੈਨੇਡਾ 2025, 2026 ਅਤੇ 2027 ਲਈ ਆਪਣੇ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾ ਰਿਹਾ ਹੈ, ਜਿਸ ਵਿੱਚ 2025 ਲਈ ਸਥਾਈ ਨਿਵਾਸੀਆਂ ਵਿੱਚ 15% ਦੀ ਕਮੀ ਸ਼ਾਮਲ ਹੈ। ਇਹ ਹਾਲ ਹੀ ਦੇ ਸਾਲਾਂ ਵਿੱਚ ਇਮੀਗ੍ਰੇਸ਼ਨ ਪੱਧਰਾਂ ਵਿੱਚ ਇੱਕ ਮਹੱਤਵਪੂਰਨ ਵਾਧੇ ਤੋਂ ਬਾਅਦ ਹੈ ਅਤੇ ਇਹ ਫੈਸਲਾ ਰਿਹਾਇਸ਼ ਅਤੇ ਸਿਹਤ ਸੰਭਾਲ ਦੇ ਦਬਾਅ ਬਾਰੇ ਚਿੰਤਾਵਾਂ ਦੁਆਰਾ ਪ੍ਰੇਰਿਤ ਹੈ।
ਦੂਜੇ ਪਾਸੇ ਇਮੀਗ੍ਰੇਸ਼ਨ ਪਾਬੰਦੀਆਂ ਕਾਰਨ ਕੈਨੇਡੀਅਨ ਵਸੋਂ ਵਿਚ ਵਾਧਾ ਪਿਛਲੇ ਚਾਰ ਸਾਲ ਦੇ ਹੇਠਲੇ ਪੱਧਰ ’ਤੇ ਚੁੱਕਾ ਹੈ। ਸਟੈਟਕੈਨ ਦੇ ਅੰਕੜਿਆਂ ਮੁਤਾਬਕ 1 ਜਨਵਰੀ, 2025 ਨੂੰ ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ, 28 ਹਜ਼ਾਰ ਅਤੇ 680 ਤੱਕ ਪੁੱਜ ਗਈ। ਅਕਤੂਬਰ 2024 ਤੋਂ ਦਸੰਬਰ 2024 ਦਰਮਿਆਨ ਵਸੋਂ ਵਿਚ 63,382 ਵਾਧਾ ਹੋਇਆ ਜਦਕਿ ਇਸ ਤੋਂ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਵਸੋਂ ਵਿਚ 1 ਲੱਖ 76 ਹਜ਼ਾਰ ਅਤੇ 699 ਦਾ ਵਾਧਾ ਦਰਜ ਕੀਤਾ ਗਿਆ ਸੀ। 2024 ਦੀ ਅੰਤਮ ਤਿਮਾਹੀ ਦੌਰਾਨ ਵਸੋਂ ਵਧਣ ਦੀ ਰਫ਼ਤਾਰ 0.2 ਫ਼ੀਸਦੀ ਰਹੀ ਜੋ 2020 ਦੀ ਅੰਤਮ ਤਿਮਾਹੀ ਦੌਰਾਨ ਹੋਏ ਵਾਧੇ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਕੋਵਿਡ ਦਾ ਨਵਾਂ ਰੂਪ, ਹਾਂਗ ਕਾਂਗ-ਤਾਈਵਾਨ 'ਚ ਵੀ ਵਧੇ ਮਾਮਲੇ
ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਦੀ ਆਮਦ ਦਾ ਟੀਚਾ ਘਟਾਇਆ
ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ 2025 ਦੌਰਾਨ ਪਰਮਾਨੈਂਟ ਰੈਜ਼ੀਡੈਂਸੀ ਅਧੀਨ ਪੰਜ ਲੱਖ ਪ੍ਰਵਾਸੀ ਸੱਦਣ ਦਾ ਟੀਚਾ ਘਟਾ ਕੇ 395,000, 2026 ਵਿੱਚ 380,000 ਅਤੇ 2027 ਵਿੱਚ 365,000 ਕਰ ਰਹੀ ਹੈ ਜਦਕਿ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਸ਼੍ਰੇਣੀਆਂ ਵਿਚ ਕੁਲ 6 ਲੱਖ 73 ਹਜ਼ਾਰ ਟੈਂਪਰੇਰੀ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ ਪਰ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਟੀਚਿਆਂ ਵਿਚ ਹੋਰ ਕਟੌਤੀ ਕਰ ਸਕਦੀ ਹੈ। ਸਟੂਡੈਂਟ ਵੀਜ਼ਾ ਅਤੇ ਵਰਕ ਪਰਮਿਟ ਨਾਲ ਸਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ 1 ਲੱਖ 59 ਹਜ਼ਾਰ ਸਟੱਡੀ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਜਦਕਿ ਵਰਕ ਪਰਮਿਟ ਵਿਚ ਵਾਧੇ ਅਤੇ ਨਵੇਂ ਵਰਕ ਪਰਮਿਟ ਵਾਲੀਆਂ 3 ਲੱਖ 96 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਮੁਕੰਮਲ ਕੀਤੀ ਗਈ।
ਆਰਜ਼ੀ ਵੀਜ਼ਿਆਂ ਵਿਚ ਵੀ ਹੋਰ ਕਟੌਤੀ ਹੋਣ ਦੇ ਆਸਾਰ
ਦੂਜੇ ਪਾਸੇ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਲੋਕ ਆਪਣੀ ਵੀਜ਼ਾ ਮਿਆਦ ਵਿਚ ਵਾਧਾ ਕਰਵਾਉਂਦਿਆਂ ਵੱਧ ਤੋਂ ਵੱਧ ਸਮਾਂ ਮੁਲਕ ਵਿਚ ਰਹਿਣ ਨੂੰ ਤਰਜੀਹ ਦੇ ਰਹੇ ਹਨ। 2019 ਵਿਚ ਅਜਿਹੇ ਲੋਕਾਂ ਦੀ ਗਿਣਤੀ 1 ਲੱਖ 97 ਹਜ਼ਾਰ ਦਰਜ ਕੀਤੀ ਗਈ ਜੋ 2024 ਤੱਕ ਵਧ ਕੇ 3 ਲੱਖ 90 ਹਜ਼ਾਰ ਦੇ ਨੇੜੇ ਪੁੱਜਦੀ ਨਜ਼ਰ ਆਈ। 2024 ਦੇ ਹੈਰਾਨਕੁੰਨ ਅੰਕੜੇ ਦਰਸਾਉਂਦੇ ਹਨ ਕਿ ਟੈਂਪਰੇਰੀ ਰੈਜ਼ੀਡੈਂਟ ਦੀਆਂ ਕੁਲ ਅਰਜ਼ੀਆਂ ਵਿਚੋਂ 50 ਫ਼ੀਸਦੀ ਸਿੱਧੇ ਤੌਰ ’ਤੇ ਰੱਦ ਹੋ ਗਈਆਂ ਅਤੇ ਇਹ ਅੰਕੜਾ 23 ਲੱਖ 50 ਹਜ਼ਾਰ ਰਿਹਾ। 2023 ਵਿਚ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ। ਸਭ ਤੋਂ ਵੱਧ ਸਖ਼ਤੀ ਵਿਜ਼ਟਰ ਵੀਜ਼ਾ ਮੰਗਣ ਵਾਲਿਆਂ ਨਾਲ ਵਰਤੀ ਗਈ ਅਤੇ 54 ਫ਼ੀਸਦੀ ਅਰਜ਼ੀਆਂ ਰੱਦ ਹੋਈਆਂ ਜਦਕਿ 2023 ਵਿਚ 40 ਫ਼ੀਸਦੀ ਅਰਜ਼ੀਆਂ ਰੱਦ ਹੋਈਆਂ ਸਨ। ਸਟੱਡੀ ਪਰਮਿਟਾਂ ਵਿੱਚ 20 ਪ੍ਰਤੀਸ਼ਤ ਦੀ ਗਿਰਾਵਟ ਆਈ, ਜਿਸ ਵਿੱਚ ਸਭ ਤੋਂ ਤੇਜ਼ ਗਿਰਾਵਟ ਹਾਂਗ ਕਾਂਗ, ਘਾਨਾ, ਭਾਰਤ ਅਤੇ ਬ੍ਰਾਜ਼ੀਲ ਤੋਂ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।