ਪ੍ਰਵਾਸੀਆਂ ਨੂੰ ਖੁੱਲ੍ਹ ਕੇ ਵੀਜ਼ੇ ਦੇਵੇਗਾ ਕੈਨੇਡਾ ! ''ਮੰਦੀ'' ਨਾਲ ਜੂਝ ਰਿਹਾ ਦੇਸ਼, PM ਨੇ ਦਿੱਤਾ ਵੱਡਾ ਬਿਆਨ

Thursday, Jun 04, 2026 - 11:57 AM (IST)

ਪ੍ਰਵਾਸੀਆਂ ਨੂੰ ਖੁੱਲ੍ਹ ਕੇ ਵੀਜ਼ੇ ਦੇਵੇਗਾ ਕੈਨੇਡਾ ! ''ਮੰਦੀ'' ਨਾਲ ਜੂਝ ਰਿਹਾ ਦੇਸ਼, PM ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਿੱਚ ਚੱਲ ਰਹੀ 'ਤਕਨੀਕੀ ਮੰਦੀ' ਦੇ ਮੁੱਦੇ 'ਤੇ ਇੱਕ ਅਹਿਮ ਬਿਆਨ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਪ੍ਰਧਾਨ ਮੰਤਰੀ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਘਟਾਉਣ ਦਾ ਫੈਸਲਾ ਹੀ ਦੇਸ਼ ਦੀ ਆਰਥਿਕ ਕਮਜ਼ੋਰੀ ਦਾ ਇੱਕ ਵੱਡਾ ਕਾਰਨ ਬਣ ਰਿਹਾ ਹੈ।

ਹਾਲ ਹੀ ਵਿੱਚ ਕੈਨੇਡਾ ਦੀ ਅਧਿਕਾਰਤ ਡਾਟਾ ਏਜੰਸੀ 'ਸਟੈਟਿਸਟਿਕਸ ਕੈਨੇਡਾ' (StatCan) ਨੇ ਰਿਪੋਰਟ ਜਾਰੀ ਕੀਤੀ ਸੀ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਦੀ ਅਰਥਵਿਵਸਥਾ ਵਿੱਚ 0.1 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਲਗਾਤਾਰ ਦੋ ਤਿਮਾਹੀਆਂ ਵਿੱਚ ਆਰਥਿਕ ਗਿਰਾਵਟ ਹੋਣ ਕਾਰਨ ਇਸ ਨੂੰ ਕਾਨੂੰਨੀ ਤੇ ਆਰਥਿਕ ਭਾਸ਼ਾ ਵਿੱਚ 'ਤਕਨੀਕੀ ਮੰਦੀ' ਕਿਹਾ ਜਾਂਦਾ ਹੈ।

ਇਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ, "ਅਸੀਂ ਅਰਥਵਿਵਸਥਾ ਵਿੱਚ ਕਮਜ਼ੋਰੀ ਦੇਖ ਰਹੇ ਹਾਂ, ਜੋ ਕਿ ਸਰਕਾਰ ਦੇ ਸਪਸ਼ਟ ਫੈਸਲਿਆਂ ਕਾਰਨ ਹੈ। ਅਸੀਂ ਇਮੀਗ੍ਰੇਸ਼ਨ 'ਤੇ ਮੁੜ ਕੰਟਰੋਲ ਹਾਸਲ ਕਰ ਲਿਆ ਹੈ, ਜਿਸ ਦਾ ਮਤਲਬ ਹੈ ਕਿ ਜਨਸੰਖਿਆ ਦੀ ਵਿਕਾਸ ਦਰ ਪਿਛਲੀਆਂ ਦੋ ਤਿਮਾਹੀਆਂ ਤੋਂ ਮਨਫ਼ੀ ਰਹੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਇੱਕ ਮਜ਼ਬੂਤ ਅਤੇ ਵਧੇਰੇ ਸੁਤੰਤਰ ਕੈਨੇਡੀਅਨ ਅਰਥਵਿਵਸਥਾ ਦੀ ਨੀਂਹ ਰੱਖ ਰਹੀ ਹੈ, ਪਰ ਇਸ ਦੌਰਾਨ ਆਰਥਿਕ ਅੰਕੜੇ ਉਤਾਰ-ਚੜ੍ਹਾਅ ਵਾਲੇ ਰਹਿ ਸਕਦੇ ਹਨ। ਪ੍ਰਧਾਨ ਮੰਤਰੀ ਦੇ ਇਸ ਬਿਆਨ ਮਗਰੋਂ ਕਿਆਸ ਲਗਾਏ ਜਾ ਰਹੇ ਹਨ ਕਿ ਕੈਨੇਡਾ ਪ੍ਰਸ਼ਾਸਨ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ 'ਚ ਥੋੜ੍ਹੀ ਢਿੱਲ ਦੇ ਸਕਦਾ ਹੈ, ਤਾਂ ਜੋ ਪ੍ਰਵਾਸੀ ਪਹਿਲਾਂ ਵਾਂਗ ਇੱਥੇ ਆ ਕੇ ਅਰਥਵਿਵਸਥਾ ਦੇ ਸੁਧਾਰ 'ਚ ਯੋਗਦਾਨ ਪਾ ਸਕਣ।

ਇਹ ਵੀ ਪੜ੍ਹੋ- ਭਾਰਤ ਸਣੇ 60 ਦੇਸ਼ਾਂ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan

StatCan ਦੇ ਅਨੁਮਾਨਾਂ ਅਨੁਸਾਰ, ਕੈਨੇਡਾ ਨੇ ਸਾਲ 2025 ਵਿੱਚ ਆਪਣੀ ਆਬਾਦੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਹੈ। ਜਦੋਂ ਤੋਂ ਆਬਾਦੀ ਦਾ ਰਿਕਾਰਡ ਰੱਖਣਾ ਸ਼ੁਰੂ ਹੋਇਆ ਹੈ, ਪਿਛਲੇ 150 ਤੋਂ ਵੱਧ ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੀ ਆਬਾਦੀ ਵਧਣ ਦੀ ਬਜਾਏ ਘਟੀ ਹੈ। 1 ਜਨਵਰੀ 2025 ਤੋਂ 1 ਜਨਵਰੀ 2026 ਦੇ ਵਿਚਕਾਰ ਕੈਨੇਡਾ ਦੀ ਆਬਾਦੀ ਵਿੱਚ 102,436 (0.2 ਫ਼ੀਸਦੀ) ਦੀ ਕਮੀ ਆਈ ਹੈ।

ਆਬਾਦੀ ਵਿੱਚ ਇਹ ਇਤਿਹਾਸਕ ਗਿਰਾਵਟ ਮੁੱਖ ਤੌਰ 'ਤੇ ਕੱਚੇ ਪ੍ਰਵਾਸੀਆਂ, ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਦੀ ਆਮਦ ਘਟਾਉਣ ਕਾਰਨ ਹੋਈ ਹੈ। 1 ਅਕਤੂਬਰ 2024 ਨੂੰ ਕੈਨੇਡਾ ਵਿੱਚ ਗ਼ੈਰ-ਸਥਾਈ ਨਿਵਾਸੀਆਂ ਦੀ ਗਿਣਤੀ 3,149,131 ਸੀ, ਜੋ 1 ਜਨਵਰੀ 2026 ਤੱਕ ਘਟ ਕੇ 2,676,441 ਰਹਿ ਗਈ।

'ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ' (IRCC) ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਸਾਲ 2024 ਵਿੱਚ ਕੈਨੇਡਾ ਵਿੱਚ 483,655 ਨਵੇਂ ਸਥਾਈ ਪ੍ਰਵਾਸੀ (PR) ਆਏ ਸਨ, ਪਰ ਸਾਲ 2025 ਵਿੱਚ ਇਹ ਗਿਣਤੀ ਘਟ ਕੇ 393,530 ਰਹਿ ਗਈ, ਜੋ ਕਿ ਸਿੱਧੇ ਤੌਰ 'ਤੇ 19 ਫ਼ੀਸਦੀ ਦੀ ਕਮੀ ਦਰਸਾਉਂਦੀ ਹੈ।

ਰਿਪੋਰਟ ਵਿੱਚ ਸਾਫ਼ ਕੀਤਾ ਗਿਆ ਹੈ ਕਿ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਭਾਰਤ ਤੋਂ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਣਾ ਹੈ। ਕੈਨੇਡਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 127,375 ਤੋਂ ਸਿੱਧੀ ਘਟ ਕੇ 98,770 ਰਹਿ ਗਈ ਹੈ। ਇਹ ਕਮੀ ਮੁੱਖ ਤੌਰ 'ਤੇ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀ ਗਈ ਸਖ਼ਤੀ ਕਾਰਨ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ- ਜੰਗ ਖ਼ਤਮ ! ਅਮਰੀਕੀ ਸੰਸਦ 'ਚ War Powers Resolution ਹੋਇਆ ਪਾਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News