ਅਮਰੀਕਾ : ਪੁਲਸ ਨੇ ਜ਼ਬਤ ਕੀਤੀ ਤਕਰੀਬਨ 1.19 ਬਿਲੀਅਨ ਡਾਲਰ ਕੀਮਤ ਦੀ ਭੰਗ
Friday, Jul 09, 2021 - 11:33 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆ ਪੁਲਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਆਪਣੀ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ 1.19 ਬਿਲੀਅਨ ਡਾਲਰ ਦੇ ਕਰੀਬ ਭੰਗ ਜ਼ਬਤ ਕੀਤੀ ਹੈ। ਇਸ ਬਾਰੇ ਲਾਸ ਏਂਜਲਸ ਕਾਉਂਟੀ ਸ਼ੈਰਿਫ ਵਿਭਾਗ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣੀ ਕੈਲੀਫੋਰਨੀਆ ਵਿੱਚ ਅਧਿਕਾਰੀਆਂ ਨੇ ਲੱਗਭਗ 1.19 ਬਿਲੀਅਨ ਡਾਲਰ ਦੀ 16 ਟਨ ਤੋਂ ਵੱਧ ਭੰਗ ਜ਼ਬਤ ਕੀਤੀ ਹੈ।
ਪੁਲਸ ਦੁਆਰਾ 10 ਦਿਨਾਂ ਦੀ ਆਪਣੀ ਕਾਰਵਾਈ ਦੌਰਾਨ ਸਭ ਤੋਂ ਵੱਡੀ ਭੰਗ ਦੀ ਗੈਰਕਾਨੂੰਨੀ ਖੇਤੀ ਦਾ ਪਰਦਾਫਾਸ਼ ਕੀਤਾ ਹੈ।ਪੁਲਸ ਅਨੁਸਾਰ 8 ਜੂਨ ਤੋਂ ਸ਼ੁਰੂ ਹੋਏ ਇਸ ਅਭਿਆਨ ਵਿੱਚ ਸਰਚ ਵਾਰੰਟ ਦੇ ਨਾਲ 200 ਤੋਂ ਵੱਧ ਥਾਵਾਂ 'ਤੇ ਕਾਰਵਾਈ ਦੇ ਨਤੀਜੇ ਵਜੋਂ 150 ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸਦੇ ਨਾਲ ਹੀ ਖੇਤਾਂ ਵਿੱਚੋਂ ਤਕਰੀਬਨ 375,000 ਭੰਗ ਦੇ ਪੌਦੇ ਅਤੇ 33,480 ਪੌਂਡ ਕੱਟੀ ਹੋਈ ਭੰਗ ਸਮੇਤ 65 ਵਾਹਨ, 180 ਜਾਨਵਰ ਅਤੇ 28,000 ਡਾਲਰ ਦੀ ਨਕਦੀ ਜ਼ਬਤ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਨੇ ਐੱਮ.ਪੀ. ਢੇਸੀ ਦੇ ਕਹਿਣ 'ਤੇ ਸੰਸਦ 'ਚ ਮੰਗੀ ਮੁਆਫ਼ੀ (ਵੀਡੀਓ)
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੱਡੇ ਪੱਧਰ 'ਤੇ ਗੈਰਕਾਨੂੰਨੀ ਭੰਗ ਦੀ ਖੇਤੀ ਕਰਨ ਪਿੱਛੇ ਅੰਤਰਰਾਸ਼ਟਰੀ ਗਿਰੋਹਾਂ ਦਾ ਹੱਥ ਹੈ। ਕੈਲੀਫੋਰਨੀਆ ਦੁਆਰਾ ਸਾਲ 2018 ਵਿੱਚ ਰੀਕਰੇਸ਼ਨਲ ਤੌਰ 'ਤੇ ਭੰਗ ਦੀ ਵਰਤੋਂ ਨੂੰ ਕਾਨੂੰਨੀ ਕੀਤੇ ਜਾਣ ਦੇ ਬਾਅਦ ਭੰਗ ਦੀ ਗੈਰਕਾਨੂੰਨੀ ਖੇਤੀ ਵਿੱਚ ਵਾਧਾ ਹੋਇਆ ਹੈ।ਅਧਿਕਾਰੀਆਂ ਨੇ ਕਿਹਾ ਕਿ ਗੈਰਕਨੂੰਨੀ ਭੰਗ ਦੀ ਖੇਤੀ ਵਿੱਚ ਪਾਣੀ ਦੀ ਚੋਰੀ, ਮਨੁੱਖੀ ਤਸਕਰੀ, ਪ੍ਰਦੂਸ਼ਣ ਅਤੇ ਸੁਰੱਖਿਆ ਸਬੰਧੀ ਖਤਰੇ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਮੀਨਾ ਸ਼ੇਸ਼ਮਣੀ 'ਯੂਐੱਸ ਸੈਂਟਰ ਫੌਰ ਮੈਡੀਕੇਅਰ' ਦੀ ਨਿਰਦੇਸ਼ਕ ਨਿਯੁਕਤ