ਜਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਕੋਲੋਂ ਮੁਆਫ਼ੀ ਮੰਗੇ: ਬੌਬ ਬਲੈਕਮੈਨ
Sunday, Mar 30, 2025 - 10:36 AM (IST)

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- 13 ਅਪ੍ਰੈਲ ਦਾ ਦਿਨ ਨਜ਼ਦੀਕ ਆ ਰਿਹਾ ਹੈ ਤੇ 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੀਆਂ ਯਾਦਾਂ ਚੀਸਾਂ ਬਣ ਬਣ ਹਿਰਦੇ ਵਲੂੰਧਰਣ ਲਗਦੀਆਂ ਹਨ। ਵਿਸ਼ਵ ਪੱਧਰੀ ਸਿਆਸਤ ਵਿੱਚ ਵੀ ਇਸ ਘਟਨਾਕ੍ਰਮ ਦੀ ਚਰਚਾ ਹਰ ਸਾਲ ਆਪ ਮੁਹਾਰੇ ਹੀ ਚੱਲ ਪੈਂਦੀ ਹੈ। ਹੈਰੋਅ ਈਸਟ ਤੋਂ ਯੂ.ਕੇ ਦੇ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਬੌਬ ਬਲੈਕਮੈਨ ਨੇ ਕਿਹਾ ਕਿ ਉਨ੍ਹਾਂ ਮੰਗ ਕੀਤੀ ਹੈ ਕਿ ਬ੍ਰਿਟਿਸ਼ ਸਰਕਾਰ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਵਰ੍ਹੇਗੰਢ ’ਤੇ ਭਾਰਤ ਤੋਂ ਮੁਆਫ਼ੀ ਮੰਗੇ। ਬ੍ਰਿਟੇਨ ਦੀ ਸੰਸਦ ਵਿੱਚ ਬੋਲਦਿਆਂ ਉਨ੍ਹਾਂ ਨੇ 13 ਅਪ੍ਰੈਲ, 1919 ਦੀਆਂ ਘਟਨਾਵਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ "ਜਲ੍ਹਿਆਂਵਾਲਾ ਬਾਗ ਵਿੱਚ ਹੋਈ ਗੋਲੀਬਾਰੀ ਵਿੱਚ ਹਜ਼ਾਰਾਂ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋਏ ਸਨ। ਅੱਜ ਮੈਂ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਮੁੱਦਾ ਉਠਾਇਆ। ਮੈਂ ਸਰਕਾਰ ਨੂੰ ਅੱਤਿਆਚਾਰਾਂ ਦੀ ਵਰ੍ਹੇਗੰਢ ਤੋਂ ਪਹਿਲਾਂ ਭਾਰਤ ਦੇ ਲੋਕਾਂ ਤੋਂ ਰਸਮੀ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾ।"
ਐਕਸ ’ਤੇ ਜਾਰੀ ਇਕ ਵੀਡੀਓ ਵਿੱਚ ਬਲੈਕਮੈਨ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ 13 ਅਪ੍ਰੈਲ, 1919 ਨੂੰ ਜਨਰਲ ਡਾਇਰ ਨੇ ਬ੍ਰਿਟਿਸ਼ ਫੌਜਾਂ ਨੂੰ ਜਲ੍ਹਿਆਂਵਾਲਾ ਬਾਗ ਵਿੱਚ ਸ਼ਾਂਤੀਪੂਰਵਕ ਇਕੱਠੇ ਹੋਏ ਨਿਰਦੋਸ਼ ਨਾਗਰਿਕਾਂ ’ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਬ੍ਰਿਟਿਸ਼ ਫੌਜ ਦੀ ਤਰਫੋਂ ਜਨਰਲ ਡਾਇਰ ਨੇ ਆਪਣੀਆਂ ਫੌਜਾਂ ਨੂੰ ਨਿਰਦੋਸ਼ ਲੋਕਾਂ ’ਤੇ ਗੋਲੀਬਾਰੀ ਕਰਨ ਦਾ ਹੁਕਮ ਦਿੱਤਾ। ਇਹ ਕਤਲੇਆਮ ਓਨੀ ਦੇਰ ਚਲਦਾ ਰਿਹਾ ਜਦੋਂ ਤੱਕ ਉਨ੍ਹਾਂ ਕੋਲ ਗੋਲਾ ਬਾਰੂਦ ਖਤਮ ਨਹੀਂ ਹੋ ਗਿਆ। ਉਸ ਕਤਲੇਆਮ ਵਿੱਚ 1,500 ਲੋਕ ਮਾਰੇ ਗਏ ਅਤੇ 1,200 ਜ਼ਖਮੀ ਹੋ ਗਏ। ਬਲੈਕਮੈਨ ਨੇ ਕਿਹਾ, ‘‘2019 ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਮੰਨਿਆ ਸੀ ਕਿ ਇਹ ਘਟਨਾ ਭਾਰਤ ਵਿੱਚ ਬਰਤਾਨਵੀ ਬਸਤੀਵਾਦੀ ਸ਼ਾਸਨ ’ਤੇ ਇਕ ਦਾਗ ਸੀ। ਉਨ੍ਹਾਂ ਇਸ ਕਤਲੇਆਮ ਨੂੰ ਬਰਤਾਨਵੀ ਬਸਤੀਵਾਦ ਦੇ ਇਤਿਹਾਸ ਵਿੱਚ ਸਭ ਤੋਂ ਬਦਨਾਮ ਅਤੇ ਸ਼ਰਮਨਾਕ ਘਟਨਾਵਾਂ ਵਿੱਚੋਂ ਇੱਕ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ-ਆਪਣੀਆਂ ਹੀ ਧੀਆਂ 'ਤੇ ਜਿਨਸੀ ਤਸ਼ੱਦਦ ਢਾਹੁਣ ਦੇ ਬਲਵਿੰਦਰ ਸਿੰਘ 'ਤੇ ਲੱਗੇ ਦੋਸ਼, ਪੁੱਤਰ ਗ੍ਰਿਫ਼ਤਾਰ
ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਯਾਦਗਾਰ ਉਨ੍ਹਾਂ 2,000 ਭਾਰਤੀਆਂ ਦੀ ਯਾਦ ਵਿੱਚ ਹੈ, ਜਿਨ੍ਹਾਂ ਨੂੰ ਜਨਰਲ ਮਾਈਕਲ ਓ' ਡਾਇਰ ਦੀ ਕਮਾਂਡ ਹੇਠ 13 ਅਪ੍ਰੈਲ 1919 ਨੂੰ ਇਕ ਸ਼ਾਂਤੀਪੂਰਵਕ ਜਨਤਕ ਮੀਟਿੰਗ ਵਿਚ ਹਿੱਸਾ ਲੈਂਦੇ ਸਮੇਂ ਅੰਗਰੇਜ਼ਾਂ ਦੁਆਰਾ ਅੰਨ੍ਹੇਵਾਹ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜਾਂ ਜ਼ਖਮੀ ਕਰ ਦਿੱਤਾ ਗਿਆ ਸੀ। ਇਹ ਭਾਰਤ ਦੇ ਆਜ਼ਾਦੀ ਸੰਗਰਾਮ ਦੀਆਂ ਮੁੱਖ ਘਟਨਾਵਾਂ ਵਿੱਚੋਂ ਇੱਕ ਸੀ। ਇਥੇ ਯਾਦਗਾਰੀ ਖੂਹ ਦੇ ਨਾਲ ਕੰਧ ਦਾ ਇੱਕ ਹਿੱਸਾ ਸੁਰੱਖਿਅਤ ਰੱਖਿਆ ਗਿਆ ਹੈ ਜਿਸ ਵਿੱਚ ਗੋਲੀਆਂ ਦੇ ਨਿਸ਼ਾਨ ਅਜੇ ਵੀ ਦਿਖਾਈ ਦਿੰਦੇ ਹਨ। ਕੁਝ ਲੋਕਾਂ ਨੇ ਬਚਣ ਲਈ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।