ਬ੍ਰਿਟਿਸ਼ ਕਾਰੋਬਾਰੀ ਮਾਈਕ ਲਿੰਚ ਦੀ ਲਾਸ਼ ਜਹਾਜ਼ ਦੇ ਮਲਬੇ ''ਚੋਂ ਬਰਾਮਦ : ਕੋਸਟ ਗਾਰਡ
Thursday, Aug 22, 2024 - 08:22 PM (IST)
ਪੋਰਟੀਸੇਲੋ (ਇਟਲੀ) : ਬ੍ਰਿਟਿਸ਼ ਟੈਕਨਾਲੋਜੀ ਕਾਰੋਬਾਰੀ ਮਾਈਕ ਲਿੰਚ ਦੀ ਲਾਸ਼ ਸਿਸਲੀ ਦੇ ਸਮੁੰਦਰੀ ਕੰਢੇ ਇਕ ਜਹਾਜ਼ ਦੇ ਮਲਬੇ ਤੋਂ ਬਰਾਮਦ ਕੀਤੀ ਗਈ ਹੈ। ਇਟਾਲੀਅਨ ਕੋਸਟ ਗਾਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਸਟ ਗਾਰਡ ਨੇ ਦੱਸਿਆ ਕਿ ਲਿੰਚ ਤੋਂ ਇਲਾਵਾ ਬਚਾਅ ਟੀਮਾਂ ਨੇ ਚਾਰ ਹੋਰ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਹਨ, ਜਦਕਿ ਇਕ ਔਰਤ ਅਜੇ ਵੀ ਲਾਪਤਾ ਹੈ।
56 ਮੀਟਰ ਲੰਬਾ ਬ੍ਰਿਟਿਸ਼ ਝੰਡੇ ਵਾਲਾ ਜਹਾਜ਼ 'ਬਾਏਸੀਅਨ' ਸੋਮਵਾਰ ਸਵੇਰੇ ਤੂਫਾਨ ਕਾਰਨ ਡੁੱਬ ਗਿਆ ਜਦੋਂ ਇਹ ਤੱਟ ਤੋਂ ਕਰੀਬ ਇਕ ਕਿਲੋਮੀਟਰ ਦੂਰ ਐਂਕਰ ਕੀਤਾ ਗਿਆ ਸੀ। ਸਿਵਲ ਡਿਫੈਂਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਹਾਜ਼ ਤੂਫਾਨ ਵਿਚ ਫਸ ਗਿਆ ਸੀ ਅਤੇ ਤੇਜ਼ੀ ਨਾਲ ਡੁੱਬ ਗਿਆ ਸੀ। ਜਹਾਜ਼ ਵਿਚ ਸਵਾਰ 22 ਲੋਕਾਂ ਵਿਚੋਂ 15 ਬਚ ਗਏ। ਇੱਕ ਔਰਤ ਨੇ ਆਪਣੇ ਇੱਕ ਸਾਲ ਦੇ ਬੱਚੇ ਨੂੰ ਬਚਾਉਣ ਲਈ ਲਹਿਰਾਂ ਤੋਂ ਉੱਪਰ ਚੁੱਕ ਲਿਆ ਅਤੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ। ਲਿੰਚ ਹਾਲ ਹੀ ਵਿਚ ਧੋਖਾਧੜੀ ਦੇ ਦੋਸ਼ਾਂ ਤੋਂ ਬਰੀ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਨਾਲ ਜਸ਼ਨ ਮਨਾਉਣ ਲਈ ਗਏ ਸਨ, ਜਿਨ੍ਹਾਂ ਨੇ ਮੁਕੱਦਮੇ ਵਿੱਚ ਬਚਾਅ ਪੱਖ ਵਿੱਚ ਉਸਦੀ ਮਦਦ ਕੀਤੀ ਸੀ। ਖਾਸ ਗੱਲ ਇਹ ਹੈ ਕਿ ਜਹਾਜ਼ ਬਣਾਉਣ ਵਾਲਿਆਂ ਨੇ ਕਿਹਾ ਸੀ ਕਿ ਇਹ ਕਦੇ ਨਹੀਂ ਡੁੱਬ ਸਕਦਾ।