ਤੇਲ ਬਾਜ਼ਾਰ ''ਚ ਵੱਡਾ ਧਮਾਕਾ ! UAE ਨੇ ''ਓਪੇਕ'' ਛੱਡਣ ਦਾ ਕੀਤਾ ਐਲਾਨ, ਸਾਊਦੀ ਅਰਬ ਨੂੰ ਲੱਗਿਆ ਵੱਡਾ ਝਟਕਾ

Tuesday, Apr 28, 2026 - 06:46 PM (IST)

ਤੇਲ ਬਾਜ਼ਾਰ ''ਚ ਵੱਡਾ ਧਮਾਕਾ ! UAE ਨੇ ''ਓਪੇਕ'' ਛੱਡਣ ਦਾ ਕੀਤਾ ਐਲਾਨ, ਸਾਊਦੀ ਅਰਬ ਨੂੰ ਲੱਗਿਆ ਵੱਡਾ ਝਟਕਾ

ਇੰਟਰਨੈਸ਼ਨਲ ਡੈਸਕ : ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸੰਯੁਕਤ ਅਰਬ ਅਮੀਰਾ (UAE) ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਉਹ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਤੇ ਓਪੇਕ+ ਤੋਂ ਬਾਹਰ ਹੋ ਰਿਹਾ ਹੈ। ਯੂਏਈ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ, ਦੇਸ਼ 1 ਮਈ 2026 ਤੋਂ ਇਸ ਸੰਗਠਨ ਦੀ ਮੈਂਬਰਸ਼ਿਪ ਛੱਡ ਦੇਵੇਗਾ।

ਰਣਨੀਤਕ ਸਮੀਖਿਆ ਤੋਂ ਬਾਅਦ ਲਿਆ ਫੈਸਲਾ
ਯੂਏਈ ਦੇ ਊਰਜਾ ਮੰਤਰੀ ਨੇ ਦੱਸਿਆ ਕਿ ਇਹ ਫੈਸਲਾ ਊਰਜਾ ਖੇਤਰ, ਪੈਟਰੋਲੀਅਮ ਸੈਕਟਰ ਅਤੇ ਹੋਰ ਰਣਨੀਤੀਆਂ ਦੀ ਬਾਰੀਕੀ ਨਾਲ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਦੁਨੀਆ ਨੂੰ ਵਧੇਰੇ ਊਰਜਾ ਦੀ ਲੋੜ ਪਵੇਗੀ ਅਤੇ ਮੰਗ ਵਿੱਚ ਵਾਧਾ ਹੋਵੇਗਾ, ਜਿਸ ਕਾਰਨ ਯੂਏਈ ਨੇ ਮਹਿਸੂਸ ਕੀਤਾ ਕਿ ਇਹ ਨੀਤੀਗਤ ਫੈਸਲਾ ਲੈਣ ਦਾ ਸਹੀ ਸਮਾਂ ਹੈ।

ਹੋਰਮੁਜ਼ ਸਟ੍ਰੇਟ ਦੀ ਅਸਥਿਰਤਾ 
ਊਰਜਾ ਮੰਤਰੀ ਅਨੁਸਾਰ, ਹੋਰਮੁਜ਼ ਸਟ੍ਰੇਟ ਵਿੱਚ ਚੱਲ ਰਹੀਆਂ ਰੁਕਾਵਟਾਂ ਕਾਰਨ ਤੇਲ ਬਾਜ਼ਾਰ ਪਹਿਲਾਂ ਹੀ ਅਸਥਿਰ ਹੈ। ਦੱਸ ਦੇਈਏ ਕਿ ਇਹ ਰਸਤਾ ਦੁਨੀਆ ਦੇ ਲਗਭਗ ਪੰਜਵੇਂ ਹਿੱਸੇ ਦੇ ਕੱਚੇ ਤੇਲ ਅਤੇ ਐਲ.ਐਨ.ਜੀ. (LNG) ਲਈ ਬੇਹੱਦ ਮਹੱਤਵਪੂਰਨ ਹੈ, ਪਰ ਇਰਾਨ ਦੀਆਂ ਧਮਕੀਆਂ ਅਤੇ ਜਹਾਜ਼ਾਂ 'ਤੇ ਹਮਲਿਆਂ ਕਾਰਨ ਇੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਸਾਊਦੀ ਅਰਬ ਲਈ ਝਟਕਾ ਤੇ ਟਰੰਪ ਦੀ ਜਿੱਤ
ਮਾਹਿਰਾਂ ਦਾ ਮੰਨਣਾ ਹੈ ਕਿ ਯੂਏਈ ਦਾ ਇਹ ਕਦਮ ਓਪੇਕ ਦੇ ਅਸਲੀ ਨੇਤਾ ਸਾਊਦੀ ਅਰਬ ਲਈ ਇੱਕ ਵੱਡਾ ਝਟਕਾ ਹੈ। ਇਸ ਦੇ ਨਾਲ ਹੀ, ਇਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ, ਜੋ ਲੰਬੇ ਸਮੇਂ ਤੋਂ ਓਪੇਕ 'ਤੇ ਤੇਲ ਦੀਆਂ ਕੀਮਤਾਂ ਵਧਾ ਕੇ ਦੁਨੀਆ ਦਾ ਸ਼ੋਸ਼ਣ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ।

ਅਰਬ ਦੇਸ਼ਾਂ ਨਾਲ ਵਧਿਆ ਮਤਭੇਦ 
ਯੂਏਈ ਹਾਲ ਹੀ ਦੇ ਦਿਨਾਂ ਵਿੱਚ ਹੋਰ ਅਰਬ ਦੇਸ਼ਾਂ ਦੀ ਇਸ ਗੱਲੋਂ ਵੀ ਆਲੋਚਨਾ ਕਰਦਾ ਰਿਹਾ ਹੈ ਕਿ ਇਰਾਨੀ ਹਮਲਿਆਂ ਦੌਰਾਨ ਉਨ੍ਹਾਂ ਨੇ ਯੂਏਈ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਨਹੀਂ ਚੁੱਕੇ। ਯੂਏਈ ਦੇ ਕੂਟਨੀਤਕ ਸਲਾਹਕਾਰ ਅਨਵਰ ਗਰਗਾਸ਼ ਨੇ ਕਿਹਾ ਕਿ ਗਲਫ ਕੋਆਪਰੇਸ਼ਨ ਕੌਂਸਲ (GCC) ਦੇ ਦੇਸ਼ਾਂ ਦਾ ਸਿਆਸੀ ਅਤੇ ਫੌਜੀ ਰੁਖ ਇਤਿਹਾਸਕ ਤੌਰ 'ਤੇ ਸਭ ਤੋਂ ਕਮਜ਼ੋਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News