ਚੀਨ ਦੇ ਬੀਜਿੰਗ ਵਿਚ ਇੰਝ ਖੰਘਣ-ਛਿੱਕਣ ਵਾਲਿਆਂ ਨੂੰ ਮਿਲੇਗੀ ਸਜ਼ਾ, ਜਾਣੋ ਖਾਣ-ਪੀਣ ਦੇ ਵੀ ਨਿਯਮ
Tuesday, Apr 28, 2020 - 08:41 AM (IST)
ਬੀਜਿੰਗ- ਚੀਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਹੁਣ ਚੀਨ ਨੇ ਨਵਾਂ ਨਿਯਮ ਬਣਾਇਆ ਹੈ,ਜਿਸ ਤਹਿਤ ਲੋਕਾਂ ਨੂੰ ਗਲਤ ਢੰਗ ਨਾਲ ਛਿੱਕਣ ਅਤੇ ਖੰਘਣ ਦੀ ਸਜ਼ਾ ਭੁਗਤਣੀ ਪਵੇਗੀ। ਸਜ਼ਾ ਦੇ ਤੌਰ 'ਤੇ ਵੱਖ-ਵੱਖ ਸ਼੍ਰੇਣੀਆਂ ਦੇ ਜੁਰਮਾਨੇ ਲਗਾਏ ਜਾ ਸਕਦੇ ਹਨ। ਨਵੇਂ ਨਿਯਮਵਿਚ ਲੋਕਾਂ ਨੂੰ ਸਾਫ-ਸਫਾਈ ਦਾ ਵਧੇਰੇ ਧਿਆਨ ਰੱਖਣ ਲਈ ਕਿਹਾ ਗਿਆ ਹੈ। ਬੀਜਿੰਗ ਵਿੱਚ ਇਹ ਨਿਯਮ 1 ਜੂਨ, 2020 ਤੋਂ ਲਾਗੂ ਹੋਣ ਜਾ ਰਿਹਾ ਹੈ।
ਖਾਣ-ਪੀਣ ਲਈ ਨਿਯਮ-
ਇਸ ਮੁਤਾਬਕ ਜੇ ਕੋਈ ਵਿਅਕਤੀ ਕਿਸੇ ਛੂਤ ਦੀ ਬੀਮਾਰੀ ਤੋਂ ਪੀੜਤ ਹੈ, ਤਾਂ ਉਸ ਨੂੰ ਈਮਾਨਦਾਰੀ ਨਾਲ ਇਸ ਦੀ ਜਾਣਕਾਰੀ ਹਸਪਤਾਲ ਨੂੰ ਦੇਣੀ ਪਵੇਗੀ। ਲੋੜੀਂਦਾ ਟੈਸਟ ਅਤੇ ਕੁਆਰੰਟੀਨ ਨੂੰ ਸਖਤੀ ਨਾਲ ਮੰਨਣਾ ਪਵੇਗਾ। ਜਨਤਕ ਥਾਵਾਂ 'ਤੇ ਹਰੇਕ ਨੂੰ ਇਕ ਮੀਟਰ ਦੀ ਦੂਰੀ 'ਤੇ ਚੱਲਣਾ ਪਵੇਗਾ। ਖਾਣਾ ਖਾਣ ਵੇਲੇ ਵੱਖਰੀਆਂ ਪਲੇਟਾਂ ਲੈਣੀਆਂ ਪੈਣਗੀਆਂ। ਪਲੇਟ ਵਿਚ ਲੋੜ ਅਨੁਸਾਰ ਭੋਜਨ ਲੈਣ ਦੀ ਹਿਦਾਇਤ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਖਾਣਾ ਲੈਂਦੇ ਸਮੇਂ ਜੂਠੀ ਪਲੇਟ, ਚੋਪਸਟਿਕ ਅਤੇ ਚਮਚ ਦੀ ਵਰਤੋਂ ਨਾ ਕਰਨ ਲਈ ਵੀ ਸਖਤਾਈ ਨਾਲ ਕਿਹਾ ਗਿਆ ਹੈ।
ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ ਨਹੀਂ ਤਾਂ ਮਿਲੇਗੀ ਸਜ਼ਾ-
- ਮੂੰਹ ਅਤੇ ਨੱਕ ਨੂੰ ਢਕੇ ਬਗੈਰ ਛਿੱਕ ਮਾਰਨਾ ਤੇ ਖੰਘਣਾ ਗਲਤ ਹੋਵੇਗਾ
- ਕਿਸੇ ਨਾਲ ਆਪਣੀ ਪਲੇਟ ਵਿਚੋਂ ਖਾਣਾ ਸਾਂਝਾ ਨਹੀਂ ਕਰ ਸਕਦੇ।
- ਬੀਮਾਰ ਲੋਕ ਜਨਤਕ ਥਾਵਾਂ 'ਤੇ ਬਿਨਾ ਮਾਸਕ ਨਹੀਂ ਆ ਸਕਦੇ।
- 'ਬੀਜਿੰਗ ਬਿਕਨੀ' 'ਤੇ ਵੀ ਲੱਗੀ ਪਾਬੰਦੀ
ਚੀਨ ਵਿਚ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ, ਤਾਂ ਕੁਝ ਵਿਅਕਤੀ ਆਪਣੀ ਟੀ ਸ਼ਰਟ ਨੂੰ ਉੱਪਰ ਵੱਲ ਫੋਲਡ ਕਰਕੇ ਆਪਣਾ ਪੇਟ ਖੁੱਲ੍ਹਾ ਛੱਡ ਦਿੰਦੇ ਹਨ, ਇਸਨੂੰ ਬੀਜਿੰਗ ਬਿਕਨੀ ਕਿਹਾ ਜਾਂਦਾ ਹੈ ਕਿਉਂਕਿ ਅਜਿਹਾ ਬੀਜਿੰਗ ਵਿੱਚ ਵਧੇਰੇ ਦੇਖਿਆ ਜਾਂਦਾ ਹੈ। ਨਵੇਂ ਨਿਯਮ ਮੁਤਾਬਕ ਅਜਿਹੀਆਂ ਗਤੀਵਿਧੀਆਂ ‘ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ।
ਸ਼ਹਿਰ ਦੇ ਗਵਰਨਰ ਨੇ ਕਿਹਾ ਕਿ ਉਹ ਅਜਿਹੇ ਸਖਤ ਨਿਯਮ ਲਾਗੂ ਕਰਕੇ ਲੋਕਾਂ ਨੂੰ ਸਫਾਈ ਪ੍ਰਤੀ ਪ੍ਰੇਰਿਤ ਕਰਨਾ ਚਾਹੁੰਦੇ ਹਨ ਤਾਂ ਕਿ ਕਿਸੇ ਵੀ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।