ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੇ ਮੈਲਬੌਰਨ ''ਚ ਕੀਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ
Tuesday, Feb 25, 2025 - 11:27 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਤੇ ਬਟਾਲਾ ਹਲਕੇ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ, ਜਿਸ ਦੇ ਚਲਦਿਆਂ ਮੈਲਬੌਰਨ ਵਿੱਚ ਵੱਖ-ਵੱਖ ਸੰਸਥਾਵਾਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ ਹੈ। ਸ਼ੈਰੀ ਕਲਸੀ ਨੇ ਬੀਤੇ ਦਿਨੀਂ ਮੈਲਟਨ ਤੋਂ ਮੈਂਬਰ ਪਾਰਲੀਮੈਂਟ ਸਟੀਵ ਮੈਗਈ ਦੇ ਵਿਸ਼ੇਸ਼ ਸੱਦੇ 'ਤੇ ਮੈਲਬੌਰਨ ਸਥਿਤ ਵਿਕਟੋਰੀਆ ਦੀ ਪਾਰਲੀਮੈਂਟ ਵਿੱਖੇ ਪੁੱਜੇ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਕਲਸੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਟੀਵ ਨੇ ਕਲਸੀ ਨੂੰ ਪਾਰਲੀਮੈਂਟ ਦਾ ਦੌਰਾ ਕਰਵਾਇਆ ਤੇ ਜਿੱਥੇ ਪਾਰਲੀਮੈਂਟ ਬਾਰੇ ਕਲਸੀ ਨੂੰ ਜਾਣੂ ਕਰਵਾਇਆ ਗਿਆ, ਉੱਥੇ ਹੀ ਇਤਹਾਸਕ ਪੱਖ ਤੋਂ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਕਲਸੀ ਨੇ ਕੋਰੀਰੋਇਟ ਹਲਕੇ ਦੀ ਮੈਂਬਰ ਪਾਰਲੀਮੈਂਟ ਲੂਬਾ ਗਰਿਗੋਰਿਵਚ ਨਾਲ ਵੀ ਮੁਲਾਕਾਤ ਕੀਤੀ ਤੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਤੇ ਇੱਥੋਂ ਦੀ ਸੰਸਦੀ ਕਾਰਜਪ੍ਰਣਾਲੀ ਬਾਰੇ ਵੀ ਜਾਣਕਾਰੀ ਲਈ। ਇਸ ਮੁਲਾਕਾਤ ਮਗਰੋਂ ਕਲਸੀ ਨੇ ਦੋਵਾਂ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦੋਵਾਂ ਨੇਤਾਵਾਂ ਦੇ ਤਜ਼ਰਬਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਨੇ ਦੋਵੇਂ ਨੇਤਾਵਾਂ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਇਸ ਦੌਰਾਨ ਸ਼ੈਰੀ ਕਲਸੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ ਤੇ ਵੱਖਰੇ ਮੁਕਾਮ ਹਾਸਲ ਕੀਤੇ ਹਨ ਤੇ ਇਹੋ ਕਾਮਨਾ ਕਰਦਾਂ ਹਾਂ ਕਿ ਸਾਡੇ ਪੰਜਾਬੀ ਇਸੇ ਤਰ੍ਹਾਂ ਹਰੇਕ ਖੇਤਰ ਵਿੱਚ ਨਿਰੰਤਰ ਤਰੱਕੀਆਂ ਕਰਦੇ ਰਹਿਣ ਤੇ ਪੰਜਾਬ ਦਾ ਨਾਮ ਰੁਸ਼ਨਾਉਂਦੇ ਰਹਿਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਬਾਜਵਾ ਤੇ ਸਿਮਰਜੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ।