ਖਾਮੇਨੇਈ ਦੀਆਂ ਅੰਤਿਮ ਰਸਮਾਂ ਹੋਈਆਂ ਸ਼ੁਰੂ, ਲੱਖਾਂ ਦੀ ਗਿਣਤੀ ''ਚ ਇਕੱਠੇ ਹੋਏ ਸਮਰਥਕ

Saturday, Jul 04, 2026 - 05:06 PM (IST)

ਖਾਮੇਨੇਈ ਦੀਆਂ ਅੰਤਿਮ ਰਸਮਾਂ ਹੋਈਆਂ ਸ਼ੁਰੂ, ਲੱਖਾਂ ਦੀ ਗਿਣਤੀ ''ਚ ਇਕੱਠੇ ਹੋਏ ਸਮਰਥਕ

ਇੰਟਰਨੈਸ਼ਨਲ ਡੈਸਕ- ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖ਼ਾਮੇਨੇਈ ਦੇ ਅੰਤਿਮ ਸਸਕਾਰ ਦੀਆਂ ਕਈ ਦਿਨਾਂ ਤੱਕ ਚੱਲਣ ਵਾਲੀਆਂ ਰਸਮਾਂ ਸ਼ਨੀਵਾਰ ਨੂੰ ਰਾਜਧਾਨੀ ਤਹਿਰਾਨ ਵਿਖੇ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਲੱਖਾਂ ਦੀ ਗਿਣਤੀ 'ਚ ਸੋਗ ਮਨਾਉਣ ਲਈ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਅਮਰੀਕਾ ਅਤੇ ਇਜ਼ਰਾਈਲ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਖ਼ਾਮੇਨੇਈ ਦੀ ਮੌਤ ਦਾ ਬਦਲਾ ਲੈਣ ਦੀ ਮੰਗ ਕੀਤੀ। 

ਜ਼ਿਕਰਯੋਗ ਹੈ ਕਿ 86 ਸਾਲਾ ਖ਼ਾਮੇਨੇਈ 28 ਫਰਵਰੀ ਨੂੰ ਇਰਾਨ ਯੁੱਧ ਦੀ ਸ਼ੁਰੂਆਤ ਦੌਰਾਨ ਅਮਰੀਕਾ-ਇਜ਼ਰਾਈਲ ਵੱਲੋਂ ਕੀਤੇ ਗਏ ਇੱਕ ਹਵਾਈ ਹਮਲੇ 'ਚ ਮਾਰੇ ਗਏ ਸਨ। ਖ਼ਾਮੇਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਆਯਤੁੱਲਾ ਮੁਜਤਬਾ ਖ਼ਾਮੇਨੇਈ ਨੂੰ ਨਵਾਂ ਸੁਪਰੀਮ ਲੀਡਰ ਬਣਾਇਆ ਗਿਆ ਹੈ। ਇਹ ਵਿਸ਼ਾਲ ਅੰਤਿਮ ਯਾਤਰਾ ਇਰਾਨ ਦੀ ਧਾਰਮਿਕ ਸਰਕਾਰ ਅਤੇ ਨਵੇਂ ਲੀਡਰ ਲਈ ਆਪਣੀ ਤਾਕਤ ਅਤੇ ਜਨਤਾ ਦਾ ਸਮਰਥਨ ਦਿਖਾਉਣ ਦਾ ਵੱਡਾ ਮੌਕਾ ਹੈ, ਖ਼ਾਸਕਰ ਅਜਿਹੇ ਸਮੇਂ ਜਦੋਂ ਅਮਰੀਕਾ ਨਾਲ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਗੱਲਬਾਤ ਚੱਲ ਰਹੀ ਹੈ।

PunjabKesari

ਇਰਾਨ ਨੇ ਖਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਦੀ ਸ਼ੁਰੂਆਤ ਲਈ 4 ਜੁਲਾਈ ਦਾ ਦਿਨ ਚੁਣਿਆ, ਜੋ ਕਿ ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ, ਪਰ ਮਸਜਿਦ ਵਿੱਚ ਇਕੱਠੀ ਹੋਈ ਭੀੜ ਨੇ "ਅਮਰੀਕਾ ਮੁਰਦਾਬਾਦ" ਅਤੇ "ਇਜ਼ਰਾਈਲ ਮੁਰਦਾਬਾਦ" ਦੇ ਨਾਅਰੇ ਲਾਏ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਥ ਡਕੋਟਾ ਵਿੱਚ ਭਾਸ਼ਣ ਦੌਰਾਨ ਕਿਹਾ, "ਅਸੀਂ ਇਰਾਨ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਉਹ ਸਮਝੌਤਾ ਕਰਨ ਲਈ ਬਹੁਤ ਬੇਤਾਬ ਹਨ। ਅਸੀਂ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ।"

ਇਰਾਨ ਦੇ ਮੁੱਖ ਬੁਲਾਰੇ ਕਾਜ਼ੇਮ ਗ਼ਰੀਬਾਬਾਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਉਸ ਬਿਆਨ ਦੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਉਨ੍ਹਾਂ ਨੇ 'ਹੋਰਮੁਜ਼' 'ਚ ਸਾਂਝੀ ਫ਼ੌਜੀ ਗਸ਼ਤ ਕਰਨ ਦੀ ਗੱਲ ਕਹੀ ਸੀ। ਗ਼ਰੀਬਾਬਾਦੀ ਨੇ 'X' 'ਤੇ ਲਿਖਿਆ ਕਿ ਹੋਰਮੁਜ਼ ਦੀ ਸੁਰੱਖਿਆ ਸਿਰਫ਼ ਤੱਟਵਰਤੀ ਦੇਸ਼ਾਂ ਦੇ ਹੱਥ ਹੈ ਅਤੇ ਬਾਹਰੀ ਦੇਸ਼ਾਂ ਦੀ ਕਿਸੇ ਵੀ ਕਾਰਵਾਈ ਦੇ ਗੰਭੀਰ ਨਤੀਜੇ ਹੋਣਗੇ।

PunjabKesari

ਆਯਤੁੱਲਾ ਅਲੀ ਖ਼ਾਮੇਨੇਈ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਇਰਾਨ ਅਤੇ ਗੁਆਂਢੀ ਦੇਸ਼ ਇਰਾਕ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਇਸ ਸੋਗ ਸਭਾ ਕਾਰਨ ਪੂਰੇ ਦੇਸ਼ 'ਚ ਏਅਰਸਪੇਸ ਅਤੇ ਆਮ ਜੀਵਨ ਨੂੰ ਅੰਸ਼ਕ ਤੌਰ 'ਤੇ ਬੰਦ ਰੱਖਿਆ ਗਿਆ ਹੈ। ਅੰਤਿਮ ਸੰਸਕਾਰ ਦੀਆਂ ਇਹ ਰਸਮਾਂ ਆਉਣ ਵਾਲੇ ਵੀਰਵਾਰ ਨੂੰ ਖ਼ਾਮੇਨੇਈ ਦੇ ਜਨਮ ਸਥਾਨ 'ਮਸ਼ਹਦ' ਵਿਖੇ ਸਥਿਤ ਇਮਾਮ ਰੇਜ਼ਾ ਦਰਗਾਹ ਵਿੱਚ ਦਫ਼ਨ ਕੀਤੇ ਜਾਣ ਦੇ ਨਾਲ ਸਮਾਪਤ ਹੋਣਗੀਆਂ।

ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News