ਵਿਕਟੋਰੀਅਨ ਸੰਸਦ 'ਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਪ੍ਰਕਾਸ਼

11/08/2019 4:44:28 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਜਿੱਥੇ ਦੁਨੀਆ ਭਰ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਹਾੜੇ ਉਲੀਕੇ ਜਾ ਰਹੇ ਹਨ, ਉੱਥੇ ਮੈਲਬੌਰਨ ਦੀ ਸਿੱਖ ਸੰਗਤ ਨੇ ਵੀ ਸ਼ਲਾਘਾਯੋਗ ਉਪਰਾਲਾ ਕਰਦਿਆਂ ਸ਼ੁੱਕਰਵਾਰ ਨੂੰ ਮੈਲਬੌਰਨ ਵਿੱਚ ਸਥਿਤ ਵਿਕਟੋਰੀਅਨ ਸੰਸਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ।ਜ਼ਿਕਰਯੋਗ ਹੈ ਆਸਟ੍ਰੇਲੀਆਈ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਵਿਕਟੋਰੀਅਨ ਸੰਸਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ।

ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸੰਸਦ ਭਵਨ ਲਿਆਂਦੇ ਗਏ ਅਤੇ ਸਾਧਾਰਨ ਪਾਠ ਦੀ ਸੰਪੂਰਨਤਾ ਤੋਂ ਉਪਰੰਤ ਕੀਰਤਨੀ ਜਥੇ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ਗਏ। ਆਸਟ੍ਰੇਲੀਅਨ ਸਿੱਖ ਕੌਂਸਲ, ਆਸਟ੍ਰੇਲੀਅਨ ਮਲਟੀਕਲਚਰਲ ਸੰਸਥਾ ਅਤੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਸ਼ਹਿਰ ਦੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰਾਂ ਨਾਲ ਜ਼ੁੜੀਆਂ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ।

PunjabKesari

ਇਸ ਮੁਬਾਰਕ ਮੌਕੇ ਨੂੰ ਸਜਦਾ ਕਰਨ ਲਈ ਆਸਟ੍ਰੇਲੀਆ ਭਰ ਦੀਆਂ ਸਿਆਸੀ ਪਾਰਟੀਆਂ ਦੇ ਨੁੰਮਾਇੰਦੇ ਸ਼ਾਮਲ ਹੋਏ, ਜਿਹਨਾਂ ਵਿੱਚ ਫੈਡਰਲ ਸਾਂਸਦ ਰੌਬ ਮਿੱਚਲ, ਮਾਰੀਆ ਵੈਮਵਾਕਿਨੂ, ਸੂਬਾਈ ਸਾਂਸਦ ਪੌਲੀਨ ਰਿਚਰਡਜ਼, ਇੰਗਰਿੰਡ ਸਟਿਟ, ਦੀਪਕ ਰਾਜ ਗੁਪਤਾ, ਰੋਜ਼ ਸਪੈਂਸ, ਡੇਨੀਅਲ ਗਰੀਨ, ਸੂਬੇ ਦੇ ਮਲਟੀਕਲਚਰਲ ਕਮਿਸ਼ਨਰ ਵਿਵ ਨਗਾਇਅਨ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਬਾਬਰ ਅਮੀਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮੂਹ ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ।

ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਤੋਂ ਪਹੁੰਚੇ ਹਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਸਿੱਖਿਆਵਾਂ ਨੂੰ ਸਾਂਝਾ ਕੀਤਾ। ਪ੍ਰਬੰਧਕਾਂ ਵੱਲੋਂ ਇਸ ਮੌਕੇ ਪਹੁੰਚੇ ਸਿਆਸੀ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਗੁਰਨਿੰਦਰ ਸਿੰਘ ਗੁਰੀ, ਹਰਕੀਰਤ ਸਿੰਘ ਅਜਨੋਹਾ, ਗੁਰਦਰਸ਼ਨ ਸਿੰਘ, ਅਵਤਾਰ ਸਿੰਘ ਸਮੇਤ ਕਈ ਲੋਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।


Vandana

Content Editor

Related News