ਆਸਟ੍ਰੇਲੀਆ : ਭਾਰੀ ਮੀਂਹ ਜੰਗਲੀ ਅੱਗ ਤੋਂ ਤਾਂ ਰਾਹਤ ਦੇਵੇਗਾ ਪਰ ਹੁਣ ਆਵੇਗੀ ਇਹ ਪ੍ਰੇਸ਼ਾਨੀ

01/15/2020 3:19:09 PM

ਸਿਡਨੀ— ਆਸਟ੍ਰੇਲੀਆ ਮੌਸਮ ਅਧਿਕਾਰੀਆਂ ਨੂੰ ਆਸ ਹੈ ਕਿ ਦੇਸ਼ 'ਚ ਭਾਰੀ ਮੀਂਹ ਪਵੇਗਾ ਅਤੇ ਜੰਗਲੀ ਅੱਗ ਕਾਬੂ 'ਚ ਆ ਜਾਵੇਗੀ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਚਿੰਤਾ ਹੈ ਕਿ ਮੀਂਹ ਦਾ ਪਾਣੀ ਨਦੀਆਂ-ਤਲਾਬਾਂ ਨੂੰ ਗੰਦਾ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਨਾਲ ਜੰਗਲੀ ਅੱਗ ਤਾਂ ਬੁਝ ਜਾਵੇਗੀ ਪਰ ਸਵਾਹ ਵਾਲਾ ਪਾਣੀ ਜਦ ਨਦੀਆਂ 'ਚ ਜਾਵੇਗਾ ਤਾਂ ਇਸ ਨਾਲ ਨੇੜਲੇ ਖੇਤਰਾਂ 'ਚ ਪਾਣੀ ਗੰਦਾ ਹੋ ਜਾਵੇਗਾ। ਇਸ ਕਾਰਨ ਚਿੰਤਾ ਹੋਰ ਵਧ ਜਾਵੇਗੀ। ਸਿਡਨੀ ਸ਼ਹਿਰ ਨੂੰ ਪੀਣਯੋਗ ਪਾਣੀ ਦੇਣ ਵਾਲਾ ਡੈਮ ਵੀ ਸਵਾਹ ਤੇ ਕੂੜੇ ਨਾਲ ਭਰ ਜਾਵੇਗਾ ਤੇ ਇਸ ਤਰ੍ਹਾਂ ਲੋਕਾਂ ਨੂੰ ਵੱਡੀ ਸਮੱਸਿਆ ਨਾਲ ਜੂਝਣਾ ਪਵੇਗਾ। ਪਹਿਲਾਂ ਹੀ ਇਸ ਖੇਤਰ ਦੇ ਲੋਕ ਪਾਣੀ ਦੀ ਘਾਟ ਕਾਰਨ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ।

 

ਅਧਿਕਾਰੀਆਂ ਮੁਤਾਬਕ ਇੱਥੇ ਕਈ ਟਨ ਦੇ ਹਿਸਾਬ ਸਵਾਹ ਫੈਲੀ ਹੋਈ ਹੈ ਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਨੂੰ ਚੁੱਕਿਆ ਜਾ ਸਕੇਗਾ। ਇਸ ਸਮੇਂ ਆਸਟ੍ਰੇਲੀਆ ਬਹੁਤ ਬੁਰੀ ਸਥਿਤੀ 'ਚੋਂ ਲੰਘ ਰਿਹਾ ਹੈ। ਉਂਝ ਵੀ ਲੋਕਾਂ ਨੂੰ ਪਹਿਲਾਂ ਤੋਂ ਹੀ ਅਪੀਲ ਕੀਤੀ ਗਈ ਹੈ ਕਿ ਉਹ ਟੂਟੀਆਂ ਦੇ ਪਾਣੀ ਨੂੰ ਉਬਾਲ ਕੇ ਹੀ ਵਰਤੋਂ 'ਚ ਲਿਆਉਣ। ਇਸ ਸਮੇਂ ਇੱਥੇ ਕਾਫੀ ਗਰਮੀ ਵੀ ਪੈ ਰਹੀ ਹੈ ਤੇ ਅਜਿਹੇ 'ਚ ਪਾਣੀ ਦੀ ਕਿੱਲਤ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰੇਗੀ।


Related News