ਆਸਟ੍ਰੇਲੀਆ : ਗ੍ਰੇਟ ਬੈਰੀਅਰ ਰੀਫ ''ਤੇ ਦਿਸੇ 64 ਹਜ਼ਾਰ ਦੁਰਲੱਭ ਹਰੇ ਕੱਛੂਕੰਮੇ (ਵੀਡੀਓ)

Thursday, Jun 11, 2020 - 06:12 PM (IST)

ਆਸਟ੍ਰੇਲੀਆ : ਗ੍ਰੇਟ ਬੈਰੀਅਰ ਰੀਫ ''ਤੇ ਦਿਸੇ 64 ਹਜ਼ਾਰ ਦੁਰਲੱਭ ਹਰੇ ਕੱਛੂਕੰਮੇ (ਵੀਡੀਓ)

ਸਿਡਨੀ (ਬਿਊਰੋ): ਈਸ਼ਵਰ ਦੀ ਬਣਾਈ ਕੁਦਰਤ ਕਈ ਰਹੱਸਾਂ ਨਾਲ ਭਰਪੂਰ ਹੈ।ਇਸ ਦੇ ਅਦਭੁੱਤ ਨਜ਼ਾਰੇ ਮਨੁੱਖੀ ਸੋਚ ਨੂੰ ਅਕਸਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਆਸਟ੍ਰੇਲੀਆ ਦੇ ਸਮੁੰਦਰ ਵਿਚ ਵੀ ਇਕ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਕੱਛੂਕੰਮੇ ਸਮੁੰਦਰ ਦੇ ਉੱਪਰ ਤੈਰਦੇ ਨਜ਼ਰ ਆਏ ਸਨ। ਇਸ ਖੂਬਸੂਰਤ ਨਜ਼ਾਰੇ ਨੂੰ ਦੇਖ ਕੇ ਜੀਵ ਵਿਗਿਆਨੀ ਵੀ ਹੈਰਾਨ ਰਹਿ ਗਏ ਸਨ। ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਇੰਨੀ ਵੱਡੀ ਗਿਣਤੀ ਵਿਚ ਦੁਰਲੱਭ ਕੱਛੂਕੰਮੇ ਨਜ਼ਰ ਆਏ ਸਨ।

PunjabKesari

ਇਕੱਠੇ ਨਜ਼ਰ ਆਏ 64 ਹਜ਼ਾਰ ਕੱਛੂਕੰਮੇ
ਰਿਪੋਰਟ ਮੁਤਾਬਕ ਗ੍ਰੇਟ ਬੈਰੀਅਰ ਰੀਫ 'ਤੇ ਲੋਕਾਂ ਨੂੰ ਹਰੇ ਕੱਛੂਕੰਮੇ ਤੈਰਦੇ ਦਿਸੇ। ਇਸ ਦੇ ਬਾਅਦ ਉੱਥੇ ਜੀਵ ਵਿਗਿਆਨੀਆਂ ਦੀ ਟੀਮ ਵੀ ਪਹੁੰਚ ਗਈ। ਸ਼ੁਰੂ ਵਿਚ ਉਹਨਾਂ ਨੇ ਕਿਸ਼ਤੀ ਜ਼ਰੀਏ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ ਪਰ ਕੱਛੂਕੰਮਿਆਂ ਦੀ ਗਿਣਤੀ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਗਏ। ਆਖਿਰ ਉਹਨਾਂ ਨੂੰ ਡਰੋਨ ਦਾ ਸਹਾਰਾ ਲੈਣਾ ਪਿਆ। ਇਸ ਦੌਰਾਨ ਗਿਣਤੀ ਵਿਚ 64 ਹਜ਼ਾਰ ਤੋਂ ਵਧੇਰੇ ਕੱਛੂਕੰਮੇ ਦਿਸੇ। ਇਹਨਾਂ ਕੱਛੂਕੰਮਿਆਂ ਦਾ ਰੰਗ ਹਰਾ ਹੁੰਦਾ ਹੈ। ਨਾਲ ਹੀ ਇਹਨਾਂ ਨੂੰ ਖਤਮ ਹੁੰਦੇ ਜੀਵਾਂ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ।

PunjabKesari

ਤਾਪਾਮਾਨ ਵਧਣ ਕਾਰਨ ਆਏ ਉੱਪਰ
ਆਸਟ੍ਰੇਲੀਆ ਦੇ ਵਾਤਾਵਰਣ ਵਿਭਾਗ ਦੇ ਡਾਕਟਰ ਐਂਡ੍ਰੇਵ ਡੰਸਟਰ ਦੇ ਮੁਤਾਬਕ ਹਰੇ ਰੰਗ ਦੇ ਕੱਛੂਕੰਮੇ ਬਹੁਤ ਹੀ ਘੱਟ ਪਾਣੀ ਦੇ ਉੱਪਰ ਆਉਂਦੇ ਹਨ। ਅਜਿਹੇ ਵਿਚ 64 ਹਜ਼ਾਰ ਤੋਂ ਵਧੇਰੇ ਕੱਛੂਕੰਮੇ ਦੇਖ ਕੇ ਸਾਰੇ ਹੈਰਾਨ ਰਹਿ ਗਏ। ਦੁਨੀਆ ਭਰ ਵਿਚ ਪਹਿਲਾ ਮੌਕਾ ਸੀ ਜਦੋਂ ਸਮੁੰਦਰ ਦੇ ਉੱਪਰੀ ਹਿੱਸੇ ਵਿਚ ਇੰਨੇ ਕੱਛੂਕੰਮੇ ਇਕੱਠੇ ਦਿਸੇ ਸਨ। ਜੀਵ ਵਿਗਿਆਨੀ ਅਜਿਹਾ ਹੋਣ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਜੁੱਟ ਗਏ ਹਨ। ਸ਼ੁਰੂਆਤੀ  ਤੌਰ 'ਤੇ ਵੱਧਦੇ ਤਾਪਮਾਨ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਐਂਡ੍ਰੇਵ ਨੇ ਖਦਸ਼ਾ ਜ਼ਾਹਰ ਕੀਤਾ ਕਿ ਗ੍ਰੇਟ ਬੈਰੀਅਰ ਰੀਫ ਵਿਚ ਚੱਟਾਨ ਦਾ ਕੋਈ ਹਿੱਸਾ ਟੁੱਟਿਆ ਹੋਵੇਗਾ ਜਿਸ ਮਗਰੋਂ ਕੱਛੂਕੰਮੇ ਉੱਪਰ ਆਏ ਹੋਣਗੇ।

PunjabKesari

ਸੁਰੱਖਿਆ ਦੀ ਤਿਆਰੀ
ਗ੍ਰੇਟ ਬੈਰੀਅਰ ਰੀਫ ਫਾਊਂਡੇਸ਼ਨ ਦੇ ਪ੍ਰਬੰਧ ਨਿਦੇਸ਼ਕ ਅੰਨਾ ਮਾਰਸਡੇਨ ਦੇ ਮੁਾਤਬਕ ਸਰਕਾਰ ਹਰੇ ਕੱਛੂਕੰਮਿਆਂ ਦੀ ਸੁਰੱਖਿਆ ਦੀ ਦਿਸ਼ਾ ਵਿਚ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ। ਉਹਨਾਂ ਦੇ ਕਿਹਾ ਕਿ ਕੱਛੂਕੰਮਿਆਂ ਦੀ ਗਿਣਤੀ ਡਰੋਨ ਜ਼ਰੀਏ ਕੀਤੀ ਗਈ ਹੈ। ਇਸ ਦੇ ਬਾਅਦ ਉਹਨਾਂ ਦਾ ਇਕ ਰਿਕਾਰਡ ਤਿਆਰ ਕੀਤਾ ਜਾਵੇਗਾ ਜੋ ਕੱਛੂਕੰਮਿਆਂ ਲਈ ਹੋਰ ਪ੍ਰਾਜੈਕਟ ਸ਼ੁਰੂ ਕਰਨ ਵਿਚ ਮਦਦ ਕਰੇਗਾ। ਮਾਰਸਡੇਨ ਦੇ ਮੁਤਾਬਕ ਟਾਪੂ 'ਤੇ ਕੱਛੂਕੰਮਿਆਂ ਦੇ ਆਲ੍ਹਣਿਆਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਦੀਆਂ ਮੌਤਾਂ ਰੋਕਣ ਲਈ ਵਾੜ ਲਗਾਉਣ ਦਾ ਕੰਮ ਚੱਲ ਰਿਹਾ ਹੈ।

 

ਤਸਕਰੀ ਹੋਣ ਦਾ ਖਦਸ਼ਾ
ਰਾਈਨ ਆਈਲੈਂਡ ਨੂੰ ਦੁਨੀਆ ਵਿਚ ਹਰੇ ਕੱਛੂਕੰਮਿਆਂ ਦਾ ਸਭ ਤੋਂ ਵੱਡਾ ਘਰ ਮੰਨਿਆ ਜਾਂਦਾ ਹੈ। ਇਸ ਆਈਲੈਂਡ 'ਤੇ ਸਰਕਾਰ ਨੇ ਉਹਨਾਂ ਦੀ ਸੁੱਰਖਿਆ ਲਈ ਕਈ ਉਪਾਅ ਕੀਤੇ ਹਨ। ਆਮਤੌਰ 'ਤੇ ਕੱਛੂਕੰਮੇ ਤਸਕਰਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਹਨਾਂ ਦੀ ਚਮੜੀ ਅਤੇ ਆਂਡੇ ਦੀ ਕੀਮਤ ਬਹੁਤ ਜ਼ਿਆਦਾ ਹੈ। 


author

Vandana

Content Editor

Related News