ਗਰਮ ਹਵਾਵਾਂ ਕਾਰਨ ਆਸਟ੍ਰੇਲੀਆ ''ਚ ਫਿਰ ਵਧਿਆ ਅੱਗ ਦਾ ਖਤਰਾ
Thursday, Jan 30, 2020 - 12:46 PM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਗਰਮ ਹਵਾਵਾਂ ਅਤੇ ਲੂ ਦੇ ਕਾਰਨ ਅੱਗ ਭੜਕਨ ਦਾ ਖਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ। ਸਾਊਥ ਆਸਟ੍ਰੇਲੀਆ ਰਾਜ ਵਿਚ ਵੀਰਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਇੱਥੇ ਉਹਨਾਂ ਕਈ ਖੇਤਰਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਅੱਗ ਲੱਗਣ ਦਾ ਖਦਸ਼ਾ ਹੈ। ਗਰਮ ਹਵਾਵਾਂ ਸ਼ੁੱਕਰਵਾਰ ਤੱਕ ਕੈਨਬਰਾ ਅਤੇ ਮੈਲਬੌਰਨ ਪਹੁੰਚ ਸਕਦੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਵੱਧ ਰਹੀ ਗਰਮੀ ਅਤੇ ਖੁਸ਼ਕ ਹਵਾਵਾਂ ਨਾਲ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਜੰਗਲਾਂ ਵਿਚ ਅੱਗ ਫੈਲਣ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਇੱਥੇ ਹਾਲੇ ਵੀ 80 ਤੋਂ ਵੱਧ ਸਥਾਨਾਂ 'ਤੇ ਅੱਗ ਫੈਲੀ ਹੋਈ ਹੈ। ਵਿਕਟੋਰੀਆ ਐਮਰਜੈਂਸੀ ਸੇਵਾ ਕਮਿਸ਼ਨਰ ਐਂਡਰਿਊ ਕ੍ਰਿਸਪ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਤਿਆਰੀਆਂ ਕਰ ਲੈਣ। ਉਹਨਾਂ ਨੇ ਕਿਹਾ,''ਜੇਕਰ ਤੁਸੀਂ ਦਰਵਾਜੇ 'ਤੇ ਅੱਗ ਜਾਂ ਧੂੰਆਂ ਦਿਖਾਈ ਦੇਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਤੁਹਾਨੂੰ ਜਲਦੀ ਬਾਹਰ ਨਿਕਲਣਾ ਹੋਵੇਗਾ।''