ਹਮਲਿਆਂ ਦੇ ਬਾਵਜੂਦ TTP-ਪਾਕਿਸਤਾਨ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਚ ਜੰਗਬੰਦੀ ਜਾਰੀ
Tuesday, Sep 06, 2022 - 04:35 PM (IST)
ਇਸਲਾਮਾਬਾਦ: ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਸਮੂਹ ਅਤੇ ਪਾਕਿਸਤਾਨ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਨਾਜ਼ੁਕ ਜੰਗਬੰਦੀ ਖ਼ਤਰਨਾਕ ਅੱਤਵਾਦੀ ਸੰਗਠਨ ਦੁਆਰਾ ਕਈ ਵਾਰ ਹਮਲਿਆਂ ਦੇ ਬਾਵਜੂਦ ਜਾਰੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇਕ ਮੀਡੀਆ ਖ਼ਬਰ ਤੋਂ ਮਿਲੀ। 'ਡਾਨ' ਅਖ਼ਬਾਰ ਨੇ ਇਸ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਜ਼ਿਲ੍ਹਿਆਂ 'ਚ ਕਰੀਬ ਦੋ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਨ ਲਈ ਟੀ.ਟੀ.ਪੀ. ਨਾਲ ਸ਼ਾਂਤੀ ਵਾਰਤਾ ਉਦੋਂ ਰੁਕ ਗਈ, ਜਦੋਂ ਇਕ ਵਫਦ ਦੇ ਸੱਦੇ 'ਤੇ ਆਖਰੀ ਦੌਰ ਦੀ ਗੱਲਬਾਤ ਹੋਈ ਸੀ। ਉਕਤ ਵਫ਼ਦ ਵਿੱਚ ਜ਼ਿਆਦਾਤਰ ਕਬਾਇਲੀ ਆਗੂ ਸ਼ਾਮਲ ਸਨ। ਸਮਾਚਾਰਪੱਤਰ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, ''ਕੋਈ ਪ੍ਰਗਤੀ ਨਹੀਂ ਹੋਈ ਹੈ। ਸਭ ਕੁਝ ਰੋਕਿਆ ਹੋਇਆ ਹੈ।"
ਹਾਲ ਹੀ ਵਿੱਚ ਸ਼ਾਂਤੀ ਵਾਰਤਾ ਦੇ ਭਵਿੱਖ ਨੂੰ ਲੈ ਕੇ ਸਵਾਲ ਉਠਾਏ ਗਏ ਸਨ, ਜਦੋਂ ਇਹ ਖ਼ਬਰ ਆਈ ਸੀ ਕਿ ਹਥਿਆਰਬੰਦ ਅੱਤਵਾਦੀ ਸਵਾਤ, ਦੀਰ ਅਤੇ ਖੈਬਰ-ਪਖਤੂਨਖਵਾ ਸੂਬੇ ਦੇ ਕਬਾਇਲੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਵਾਪਸ ਆ ਗਏ ਹਨ। ਹਾਲਾਂਕਿ ਸਰਕਾਰ ਵੱਲੋਂ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਗਈ ਸੀ ਪਰ ਵਾਪਸ ਪਰਤਣ ਵਾਲੇ ਅੱਤਵਾਦੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਮਝੌਤਾ ਹੋਣ ਤੋਂ ਬਾਅਦ ਅਜਿਹਾ ਕੀਤਾ। ਕਾਬੁਲ ਦੇ ਸੂਤਰਾਂ ਅਨੁਸਾਰ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ ਹੈ। ਅਧਿਕਾਰੀ ਨੇ ਕਿਹਾ, ''ਸਿਰਫ਼ 'ਸਮਝੌਤਾ' ਅਣਮਿੱਥੇ ਸਮੇਂ ਲਈ ਜੰਗਬੰਦੀ ਅਤੇ ਅਤਿਵਾਦੀਆਂ ਦੀ ਵਾਪਸੀ ਅਤੇ ਸਮਾਜ ਵਿੱਚ ਉਨ੍ਹਾਂ ਦੇ ਮੁੜ ਏਕੀਕਰਣ ਸਮੇਤ ਗੁੰਝਲਦਾਰ ਮੁੱਦਿਆਂ ਨੂੰ ਸੁਲਝਾਉਣ ਲਈ ਗੱਲਬਾਤ ਜਾਰੀ ਰੱਖਣ ਬਾਰੇ ਸੀ।