ਐਸਟ੍ਰਾਜ਼ੈਨੇਕਾ ਵੈਕਸੀਨ ਦਾ ਅਮਰੀਕਾ ''ਚ ਟ੍ਰਾਇਲ, ਕੋਰੋਨਾ ਖ਼ਿਲਾਫ਼ 79 ਫ਼ੀਸਦੀ ਤੱਕ ਪ੍ਰਭਾਵੀ
Monday, Mar 22, 2021 - 05:58 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਬ੍ਰਿਟਿਸ-ਸਵੀਡਿਸ਼ ਦਵਾਈ ਨਿਰਮਾਤਾ ਕੰਪਨੀ ਐਸਟ੍ਰਾਜ਼ੈਨੇਕਾ ਨੇ ਕਿਹਾ ਹੈ ਕਿ ਉਸ ਵੱਲੋਂ ਬਣਾਏ ਗਏ ਕੋਵਿਡ-19 ਟੀਕੇ 'ਤੇ ਅਮਰੀਕਾ ਵਿਚ ਹੋਏ ਇਕ ਅਧਿਐਨ ਤੋਂ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਇਹ ਟੀਕਾ 79 ਫੀਸਦੀ ਤੱਕ ਅਸਰਦਾਰ ਹੈ। ਵਿਸ਼ਵ ਭਰ ਵਿਚ ਐਸਟ੍ਰਾਜ਼ੈਨੇਕਾ ਟੀਕੇ ਦੀ ਵਰਤੋਂ ਨੂੰ 50 ਤੋਂ ਵੱਧ ਦੇਸ਼ਾਂ ਨੇ ਮਾਨਤਾ ਦਿੱਤੀ ਹੈ ਪਰ ਅਮਰੀਕਾ ਵਿਚ ਹਾਲੇ ਇਸ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਅਮਰੀਕਾ ਵਿਚ ਹੋਏ ਅਧਿਐਨ ਵਿਚ 30 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜਿਹਨਾਂ ਵਿਚੋਂ 20 ਹਜ਼ਾਰ ਨੂੰ ਟੀਕਾ ਲਗਾਇਆ ਗਿਆ ਜਦਕਿ ਬਾਕੀ ਨੂੰ ਟੀਕੇ ਦੀ ਡਮੀ ਮਤਲਬ ਨਕਲੀ ਖੁਰਾਕ ਦਿੱਤੀ ਗਈ।ਅਧਿਐਨ ਦੇ ਨਤੀਜੇ ਸੋਮਵਾਰ ਨੂੰ ਘੋਸ਼ਿਤ ਕੀਤੇ ਗਏ। ਐਸਟ੍ਰਾਜ਼ੈਨੇਕਾ ਦੇ ਇਕ ਬਿਆਨ ਵਿਚ ਕਿਹਾ ਗਿਆ ਹੈਕਿ ਉਸ ਦਾ ਟੀਕਾ ਕੋਵਿਡ-19 ਨੂੰ ਰੋਕਣ ਵਿਚ 79 ਫੀਸਦੀ ਤੱਕ ਪ੍ਰਭਾਵੀ ਹੈ ਅਤੇ ਇਸ ਰੋਗ ਨੂੰ ਗੰਭੀਰ ਹੋਣ ਤੋਂ ਰੋਕਣ ਵਿਚ 100 ਫ਼ੀਸਦੀ ਤੱਕ ਅਸਰਦਾਰ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਦੱਖਣੀ ਅਫਰੀਕਾ ਨੇ ਭਾਰਤ ਤੋਂ ਪ੍ਰਾਪਤ 'ਐਸਟ੍ਰਾਜ਼ੇਨੇਕਾ' ਟੀਕੇ 14 ਦੇਸਾਂ ਨੂੰ ਵੇਚੇ
ਜਾਂਚ ਕਰਤਾਵਾਂ ਨੇ ਕਿਹਾ ਕਿ ਟੀਕਾ ਹਰ ਉਮਰ ਦੇ ਲੋਕਾਂ 'ਤੇ ਅਸਰਦਾਰ ਹੈ ਜੋ ਕਿ ਇਸ ਤੋਂ ਪਹਿਲਾਂ ਹੋਰ ਦੇਸ਼ਾਂ ਵਿਚ ਹੋਏ ਅਧਿਐਨ ਵਿਚ ਸਾਬਤ ਨਹੀਂ ਹੋ ਪਾਇਆ ਸੀ। ਇਸ ਅਧਿਐਨ ਦੇ ਸ਼ੁਰੂਆਤੀ ਨਤੀਜੇ ਉਹਨਾਂ ਅੰਕੜਿਆਂ ਵਿਚੋਂ ਇਕ ਹਨ ਜਿਹਨਾਂ ਨੂੰ ਐਸਟ੍ਰਾਜ਼ੈਨੇਕਾ ਵੱਲੋਂ ਖਾਧ ਅਤੇ ਡਰੱਗ ਪ੍ਰਸ਼ਾਸਨ (ਐੱਫ.ਡੀ.ਏ.) ਨੂੰ ਸੌਂਪਿਆ ਜਾਣਾ ਹੈ। ਇਸ ਦੇ ਬਾਅਦ ਐੱਫ.ਡੀ.ਏ. ਦੀ ਸਲਾਹਕਾਰ ਕਮੇਟੀ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਜਨਤਕ ਤੌਰ 'ਤੇ ਸਬੂਤਾਂ 'ਤੇ ਚਰਚਾ ਕਰੇਗੀ। ਭਾਵੇਂਕਿ ਵਿਗਿਆਨੀ, ਅਮਰੀਕਾ ਵਿਚ ਹੋਏ ਅਧਿਐਨ ਦੇ ਪੂਰੇ ਨਤੀਜੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਟੀਕਾ ਕਿੰਨਾ ਪ੍ਰਭਾਵੀ ਹੈ।