ਆਰਿਫ਼ ਲੋਹਾਰ ਨੇ ਬੈਲਾਰਟ ਵਿਖੇ ਲਾਈਆਂ ਰੌਣਕਾਂ (ਤਸਵੀਰਾਂ)
Monday, Aug 26, 2024 - 05:43 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )- ਆਪਣੀ ਵੱਖਰੀ ਗਾਇਕੀ ਨਾਲ ਪੂਰੀ ਦੁਨੀਆ ਵਿੱਚ ਲੋਹਾ ਮਨਵਾਂ ਚੁੱਕੇ ਪਾਕਿਸਤਾਨ ਦੇ ਲੋਕ ਗਾਇਕ ਜਨਾਬ ਆਰਿਫ਼ ਲੋਹਾਰ ਆਪਣੇ ਸਪੁੱਤਰਾਂ ਮੁਹੰਮਦ ਆਫ਼ਰੀਨ ਅਲੀ ਲੌਹਾਰ, ਮੁਹੰਮਦ ਅਮੀਰ ਲੌਹਾਰ ਤੇ ਮੁਹੰਮਦ ਅਰਸ਼ਦ ਆਲਮ ਲੌਹਾਰ ਨਾਲ ਇੰਨੀ ਦਿਨੀ ਆਸਟ੍ਰੇਲੀਆ ਦੌਰੇ 'ਤੇ ਪਹੁੰਚੇ ਹੋਏ ਹਨ। ਜਿਸ ਦੇ ਚਲਦਿਆਂ ਫੋਕ ਐਂਡ ਰੌਕ ਮਿਊਜ਼ਿਕ ਐਂਡ ਡਾਂਸ ਅਕੈਡਮੀ ਮੈਲਬੌਰਨ ਵਲੋਂ ਇੱਥੋਂ ਦੇ ਉਤਰ ਪੱਛਮ ਇਲਾਕੇ ਵਿੱਚ ਪੈਂਦੇ ਇਤਹਾਸਕ ਸ਼ਹਿਰ ਬੈਲਾਰਟ ਵਿੱਖੇ ਸੁਲਤਾਨ ਢਿੱਲੋਂ ਅਤੇ ਰਾਜ ਸਿੰਘ ਦੀ ਅਗਵਾਈ ਵਿੱਚ ਸ਼ੋਅ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੰਗੀਤ ਪ੍ਰੇਮੀ ਦੂਰ ਦਰਾਡਿਆਂ ਦੇ ਇਲਾਕਿਆਂ ਦੇ ਵਿੱਚੋਂ ਪਰਿਵਾਰਾਂ ਸਮੇਤ ਪੁੱਜੇ।
ਸ਼ੋਅ ਦੀ ਸ਼ੁਰੁਆਤ ਭੁਪਿੰਦਰ ਸਿੰਘ ਦੇ ਗਾਣੇ ਦੇ ਨਾਲ ਹੋਈ। ਉਪਰੰਤ ਅਜੈਬ ਸਿੰਘ, ਕੀਰਤ ਬਰਾੜ ਤੇ ਸਰਤਾਜ ਬਰਾੜ ਵਲੋ ਸਾਂਝੇ ਰੂਪ ਵਿੱਚ ਪੇਸ਼ਕਾਰੀ ਕੀਤੀ ਗਈ। ਭੰਗੜਾ ਰੂਟਸ ਦੀਆਂ ਬੱਚੀਆਂ ਦੇ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਜਿਵੇ ਹੀ ਆਲਮ ਲੋਹਾਰ ਹੋਰਾਂ ਨੂੰ ਸਟੇਜ 'ਤੇ ਸੱਦਾ ਦਿੱਤਾ ਗਿਆ ਤੇ ਜਿਊ ਹੀ ਉਹ ਆਪਣੇ ਪੁੱਤਰਾਂ ਨਾਲ ਸਟੇਜ 'ਤੇ ਆਏ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜ ਵਿੱਚ ਆਪਣੇ ਮਹਿਬੂਬ ਕਲਾਕਾਰ ਦਾ ਸਵਾਗਤ ਕੀਤਾ। ਆਲਮ ਲੋਹਾਰ ਨੇ ਸ਼ੁਰੂਆਤ "ਅੱਵਲ ਅੱਲਾ ਨੂਰ ਉਪਾਇਆ" ਨਾਲ ਕੀਤੀ ਤੇ ਆਪਣੀ ਦਮਦਾਰ ਆਵਾਜ਼ ਨਾਲ ਲੋਕ ਗੀਤਾਂ "ਬੋਲ ਮਿੱਟੀ ਦਿਆ ਬਾਵਿਆ", ਜੁਗਨੀ, ਛੱਲਾ, ਜੱਗਾ ਆਦਿ ਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ, ਉੱਥੇ ਹੀ "ਮਾਂ" 'ਤੇ ਗਾਣਾ ਸੁਣਾ ਕੇ ਮਾਹੋਲ ਭਾਵੁਕ ਵੀ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਕਰਮਚਾਰੀਆਂ ਲਈ ਨਵਾਂ ਨਿਯਮ, 'ਰਾਈਟ ਟੂ ਡਿਸਕਨੈਕਟ' ਲਾਗੂ
ਆਲਮ ਲੋਹਾਰ ਦੇ ਤਿੰਨਾਂ ਪੁੱਤਰਾਂ ਨੇ ਗੀਤ "ਗੱਲ ਜਦੋ ਛਿੜਦੀ ਐ, ਲਾਹੌਰ ਲੁਧਿਆਣੇ ਦੀ,ਜੱਟ ਯਮਲੇ ਤੇ ਆਲਮ ਘਰਾਣੇ ਦੀ " ਗਾ ਕੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਰਿਸ਼ਤਿਆਂ ਤੇ ਮੋਹ ਦੀਆਂ ਤੰਦਾ ਨੂੰ ਹੋਰ ਮਜਬੂਤ ਕੀਤਾ। ਇਸ ਮੌਕੇ ਆਰਿਫ਼ ਲੌਹਾਰ ਦੇ ਮਿਊਜ਼ੀਕਲ ਬੈਂਡ ਵਲੋ ਢੌਲ, ਤੁੰਬਾ, ਅਲਗੌਜੇ ਤੇ ਚਿਮਟੇ ਦੀ ਬਾਕਮਾਲ ਪੇਸ਼ਕਾਰੀ ਗਈ। ਮੰਚ ਸੰਚਾਲਨ ਜਗਦੀਪ ਸਿੱਧੂ ਤੇ ਰਸਨਾ ਕੌਰ ਵੱਲੋਂ ਕੀਤਾ ਗਿਆ। ਜਗਦੀਪ ਸਿੱਧੂ ਨੇ ਆਪਣੀ ਵਿਲੱਖਣ ਸ਼ਾਇਰੀ ਤੇ ਗੱਲਾਂ ਦੇ ਨਾਲ ਮਾਹੋਲ ਨੂੰ ਪੂਰਾ ਬੰਨ ਕੇ ਰੱਖਿਆ। ਅੰਤ ਵਿੱਚ ਇਹ ਸ਼ੋਅ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਬਾਤਾਂ ਪਾਉਂਦਾ ਖੁਸ਼ਗਵਾਰ ਮਾਹੌਲ ਦੇ ਵਿੱਚ ਸਮਾਪਤ ਹੋ ਗਿਆ। ਸ਼ੋਅ ਦੇ ਅੰਤ ਵਿੱਚ ਪ੍ਰਬੰਧਕਾਂ ਸੁਲਤਾਨ ਢਿਲੋਂ ਤੇ ਰਾਜ ਸਿੰਘ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਦਰਸ਼ਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਸਾਡੀ ਖੁਸ਼ਕਿਸਮਤੀ ਹੈ ਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।