ਅਮਰੀਕੀ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ

06/29/2024 5:34:47 PM

ਨਿਊਯਾਰਕ (ਰਾਜ ਗੋਗਨਾ ) - ਬੀਤੇਂ ਦਿਨ ਅਮਰੀਕਾ ਦੇ ਪ੍ਰਸਿੱਧ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਯੂ.ਐਸ. ਏ ਦੀ  ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਉਹਨਾਂ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਲਾਸ ਏਂਜਲਸ ਵਿਖੇ ਮੁਲਾਕਾਤ ਕੀਤੀ। ਕਮਲਾ ਹੈਰਿਸ ਨਾਲ ਉਹਨਾਂ ਦੀ ਇਹ ਮੀਟਿੰਗ ਲਗਭਗ ਇੱਕ ਘੰਟੇ ਦੇ ਕਰੀਬ ਤੱਕ ਚੱਲੀ। ਇਹ ਮੀਟਿੰਗ ਇੱਕ ਸਮਾਗਮ ਦੌਰਾਨ ਹੋਈ ਜਿੱਥੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਸਿੱਖਾਂ ਸੰਬੰਧੀ ਅਤੇ ਕਈ ਹੋਰ ਅਹਿਮ ਮੁੱਦਿਆਂ ਨੂੰ ਕਮਲਾ ਹੈਰਿਸ ਦੇ ਸਾਹਮਣੇ  ਰੱਖਿਆ। ਇਹਨਾਂ ਮੁੱਦਿਆਂ ਵਿੱਚੋਂ ਪਹਿਲਾ ਅਤੇ ਅਹਿਮ ਮੁੱਦਾ ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ  ਤੋਂ ਚੁਣੇ ਗਏ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ  ਦੀ ਰਿਹਾਈ ਬਾਰੇ ਰਿਹਾ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਐਨ.ਐੱਸ.ਏ. ਕਾਨੂੰਨ ਲਗਾਉਣਾ ਬਿਲਕੁਲ ਗਲਤ ਅਤੇ ਗੈਰ-ਕਾਨੂੰਨੀ ਹੈ। ਇਹ ਗਲਤ ਹੈ ਕਿਉਂਕਿ ਇਹ ਅੰਗਰੇਜ਼ਾਂ ਦੁਆਰਾ ਬਣਾਏ ਆਜ਼ਾਦੀ ਤੋਂ ਪਹਿਲਾ ਦੇ ਕਾਨੂੰਨਾਂ ਦੇ ਆਧਾਰ 'ਤੇ ਲਗਾਇਆ ਗਿਆ ਹੈ। ਜੋ ਉਹ ਦੂਜੇ ਲੋਕਾਂ ਨੂੰ ਦਬਾਉਣ ਲਈ ਲਗਾਉਂਦੇ ਸਨ। 

PunjabKesari

ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਕਮਲਾ ਹੈਰਿਸ ਨੂੰ ਇਹ ਵੀ ਦੱਸਿਆ ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਰਤੀ ਇਲੈਕਸ਼ਨਸ ਦੌਰਾਨ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਜਿੱਤ ਦੇ ਬਾਅਦ ਉਹਨਾਂ ਦੇ ਉੱਪਰ ਲਗਾਈ  ਐਨ.ਐੱਸ.ਏ.  ਅਤੇ ਇੱਕ ਹੋਰ ਸਾਲ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ। ਉੱਘੇ ਸਿੱਖ ਅਟਾਰਨੀ ਨੇ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੂੰ ਦੱਸਿਆ ਕਿ ਇਹ ਮਨੁੱਖੀ ਅਧਿਕਾਰਾਂ ਦਾ ਸਰਾ ਸਰ ਭਾਰਤ ਵਿੱਚ ਘਾਣ  ਹੋ ਰਿਹਾ ਹੈ। ਅਜਿਹੇ ਕਾਨੂੰਨ ਗੈਰ ਸੰਵਿਧਾਨਿਕ ਤਰੀਕੇ ਨਾਲ ਲਗਾਏ ਜਾ ਰਹੇ ਹਨ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਹਨਾਂ ਨੇ ਭਾਰਤੀ ਜੇਲਾਂ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਕਮਲਾ ਹੈਰਿਸ ਦੇ ਸਾਹਮਣੇ ਚੁੱਕਿਆ। ਉਹਨਾਂ ਦੱਸਿਆ ਇਹ ਸਿੰਘ ਸਜ਼ਾ ਪੂਰੀਆਂ  ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਜੇਲਾਂ ਦੇ ਵਿੱਚ ਕੈਦ ਹਨ ਅਤੇ  ਜਲਦ ਹੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। 

ਤੀਸਰਾ ਮੁੱਦਾ ਵਿਚ ਉਹਨਾਂ ਨੇ ਭਾਰਤੀ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਕੁੱਝ ਸਿੱਖ ਲੀਡਰਸ 'ਤੇ ਹਮਲਾ ਕਰਵਾਉਣ ਦੀ ਕੋਸ਼ਿਸ਼ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕਈ ਸਿੱਖ ਲੀਡਰਸ ਨੂੰ ਕਈ ਤਰਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਕਰਕੇ ਸਿੱਖ ਕਮਿਊਨਿਟੀ ਵਿੱਚ ਇੱਥੇ ਕਾਫੀ ਸਮੇਂ ਤੋਂ ਰੋਸ ਦੀ ਲਹਿਰ ਚੱਲ ਰਹੀ ਹੈ। ਉਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੋਰ ਮਸਲਿਆਂ ਬਾਰੇ ਵੀ ਗੱਲਬਾਤ ਕੀਤੀ। 

ਪੰਜਵਾਂ ਅਹਿਮ ਮੁੱਦਾ ਉਹਨਾਂ ਨੇ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਸੰਬੰਧੀ ਲਗਾਤਾਰ ਵੱਧ ਰਹੇ ਹੇਟ ਕ੍ਰਾਇਮ (ਨਸਲਕੁਸ਼ੀ) ਦਾ ਵੀ ਚੁੱਕਿਆ। ਉਹਨਾਂ ਦੱਸਿਆ ਕਿ ਆਏ ਦਿਨ ਸਿੱਖਾਂ ਨਾਲ ਨਸਲਕੁਸ਼ੀ ਦੀ ਭਾਵਨਾ ਰੱਖਦੇ ਹੋਏ ਕਈ ਘਟਨਾਵਾਂ ਵਾਪਰੀਆਂ ਹਨ। ਇਸ ਦੇ ਨਾਲ ਹੀ ਉਹਨਾਂ ਕਈ ਸਿੱਖ ਨੌਜਵਾਨਾਂ ਉੱਪਰ ਹੋਏ ਹਮਲਿਆਂ ਬਾਰੇ ਵੀ ਦੱਸਿਆ, ਇਹਨਾਂ ਸਾਰੇ ਮੁੱਦਿਆਂ ਨੂੰ ਸੁਣਨ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਹਨਾਂ ਉੱਪਰ ਪੂਰਾ ਧਿਆਨ ਦਿੱਤਾ ਅਤੇ ਇਹਨਾਂ ਉੱਪਰ ਵਿਚਾਰ ਕਰਕੇ ਯੋਗ ਕਦਮ ਚੁੱਕਣ ਦਾ ਭਰੋਸਾ ਵੀ ਦਿਵਾਇਆ। 

ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸੰਬੰਧੀ ਭਾਰਤ ਦੀ ਸਰਕਾਰ ਨਾਲ ਉਹਨਾਂ ਦਾ ਰਬਤਾ ਕਾਇਮ ਹੈ। ਉਹਨਾਂ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਸੰਬੰਧ ਮਜਬੂਤ ਹਨ ਅਤੇ ਇਸ ਸਥਿਤੀ ਵਿੱਚ ਉਹ ਇੱਕ ਮਜਬੂਤ ਭਾਰਤ ਨੂੰ ਦੇਖਣਾ ਚਾਹੁੰਦੇ ਹਨ। ਕਮਲਾ ਹੈਰਿਸ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਦਾ ਅਮਰੀਕੀ ਇਕਨੌਮੀ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ। ਉਹ ਅਤੇ ਉਹਨਾਂ ਦੀ ਸਰਕਾਰ ਹਮੇਸ਼ਾਂ ਇੱਥੇ ਰਹਿੰਦੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਹਰ ਤਰਾਂ ਦੇ ਨਾਲ ਰੱਖਿਆ ਲਈ ਵਚਨਬੰਧ ਹਨ। ਹੈਰਿਸ ਨੇ ਕਿਹਾ ਕਿ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਉੱਪਰ ਜੇਕਰ ਕੋਈ ਵੀ ਹਮਲਾ ਹੁੰਦਾ ਹੈ, ਤਾਂ ਉਸ ਖਿਲਾਫ ਸਖ਼ਤ ਤੋ ਸਖ਼ਤ  ਕਾਰਵਾਈ ਕੀਤੀ ਜਾਵੇਗੀ। ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਸ ਮੁਲਾਕਾਤ ਨੂੰ ਬਹੁਤ ਹੀ  ਸਕਾਰਾਤਮਕ ਹੁੰਗਾਰਾ ਮਿਲਿਆ ਹੈ।


Harinder Kaur

Content Editor

Related News