ਕੋਰੋਨਾ ਦੀ ਇਹ ਦਵਾਈ ਕਰ ਰਹੀ ਹੈ ਮਰੀਜ਼ਾਂ ਦਾ ਬਿਹਤਰ ਇਲਾਜ਼

06/02/2020 6:19:38 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਵੈਕਸੀਨ ਸਬੰਧੀ ਇਕ ਚੰਗੀ ਖਬਰ ਸਾਹਮਣੇ ਆਈ ਹੈ। ਖਬਰ ਮੁਤਾਬਕ ਇਕ ਦਵਾਈ ਜਿਸ ਨੂੰ ਇਬੋਲਾ ਨੂੰ ਖਤਮ ਕਰਨ ਲਈ ਬਣਾਇਆ ਗਿਆ ਸੀ ਉਹ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਕਾਫੀ ਜਲਦੀ ਠੀਕ ਕਰ ਰਹੀ ਹੈ। ਜੀਲੀਡਸ ਸਾਈਂਸੇਜ ਇਨਕਾਰਪੋਰੇਸ਼ਨ ਦੀ ਰੇਮਡੇਸਿਵਿਰ (Remdesivir) ਦਵਾਈ ਉਹਨਾਂ ਮਰੀਜ਼ਾਂ ਨੂੰ ਜਲਦੀ ਠੀਕ ਕਰ ਪਾ ਰਹੀ ਹੈ ਜੋ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਨਾਲ ਬੀਮਾਰ ਨਹੀਂ ਹਨ।

 

ਕੋਰੋਨਾ ਮਰੀਜ਼ਾਂ 'ਤੇ ਦਵਾਈ ਜਾਂਚਣ ਲਈ ਕੰਪਨੀ ਨੇ 600 ਮਰੀਜ਼ਾਂ ਨੂੰ ਦੋ ਤਰ੍ਹਾਂ ਦੇ ਟ੍ਰੀਟਮੈਂਟ 'ਤੇ ਰੱਖਿਆ। ਕੁਝ ਲੋਕਾਂ ਨੂੰ 5 ਦਿਨ ਦੀ ਦਵਾਈ ਦਿੱਤੀ ਗਈ ਤਾਂ ਕੁਝ ਮਰੀਜ਼ਾਂ ਨੂੰ 10 ਦਿਨ ਦੀ। ਨਾਲ ਹੀ ਉਹਨਾਂ ਮਰੀਜ਼ਾਂ ਨੂੰ ਵੀ ਰੱਖਿਆ ਗਿਆ ਜੋ ਸਟੈਂਡਰਡ ਮੈਡਿਕੇਸ਼ਨ ਪ੍ਰੋਸੀਜਰ ਨਾਲ ਇਲਾਜ ਕਰਵਾ ਰਹੇ ਸਨ। 11ਵੇਂ ਦਿਨ ਪਤਾ ਚੱਲਿਆ ਕਿ 5 ਦਿਨ ਦੇ ਟ੍ਰੀਟਮੈਂਟ ਵਾਲੇ ਮਰੀਜ਼ ਸਧਾਰਨ ਤਰੀਕੇ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਤੁਲਨਾ ਵਿਚ ਜ਼ਿਆਦਾ ਜਲਦੀ ਠੀਕ ਹੋਏ ਹਨ। ਨਾਲ ਹੀ ਜਿਹਨਾਂ ਗੰਭੀਰ ਮਰੀਜ਼ਾਂ ਨੂੰ 10 ਦਿਨ ਦੀ ਦਵਾਈ ਦਿੱਤੀ ਗਈ ਸੀ, ਉਹਨਾਂ ਵਿਚ ਵੀ ਕਾਫੀ ਜ਼ਿਆਦਾ ਸੁਧਾਰ ਦੇਖਣ ਨੂੰ ਮਿਲਿਆ। 

PunjabKesari

ਇਕ ਮਹੀਨੇ ਪਹਿਲਾਂ ਵੀ ਅਮਰੀਕੀ ਵਿਗਿਆਨੀਆਂ ਨੇ ਕਿਹਾ ਸੀ ਕਿ ਇਸ ਦਵਾਈ ਦੀ ਸਫਲਤਾ ਨਾਲ ਕੋਰੋਨਾ ਨੂੰ ਹਰਾਉਣ ਲਈ ਸਾਨੂੰ ਨਵੀਂ ਆਸ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਡਾਕਟਰ ਐਨਥਨੀ ਫਾਸੀ ਨੇ ਵੀ ਇਸ ਦਵਾਈ ਦੀ ਤਾਰੀਫ ਕੀਤੀ ਹੈ। ਇਸ ਦਵਾਈ ਕਾਰਨ ਕੋਰੋਨਾ ਮਰੀਜ਼ 31 ਫੀਸਦੀ ਜ਼ਿਆਦਾ ਤੇਜ਼ੀ ਨਾਲ ਠੀਕ ਹੋ ਰਹੇ ਹਨ। ਡਾਕਟਰ ਐਨਥਨੀ ਨੇ ਕਿਹਾ ਕਿ ਇਹ ਅਸਲ ਵਿਚ ਜਾਦੁਈ ਦਵਾਈ ਹੈ। ਇਸ ਕਾਰਨ ਮਰੀਜ਼ਾਂ ਦਾ ਜਲਦੀ ਠੀਕ ਹੋਣਾ ਮਤਲਬ ਇਸ ਦਵਾਈ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾ ਸਕਦੀ ਹੈ। 

PunjabKesari

ਅਮਰੀਕਾ ਨੇ ਅਪ੍ਰੈਲ ਦੇ ਮਹੀਨੇ ਵਿਚ ਇਸ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਸੀ ਜਿਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ। ਡਾਕਟਰ ਐਨਥਨੀ ਨੇ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਰੇਮਡੇਸਿਵਿਰ ਦਵਾਈ ਦਾ ਮਰੀਜ਼ਾਂ ਦੇ ਠੀਕ ਹੋਣ ਦੇ ਸਮੇਂ ਵਿਚ ਬਹੁਤ ਸਪੱਸ਼ਟ, ਪ੍ਰਭਾਵੀ ਅਤੇ ਸਕਰਾਤਮਕ ਪ੍ਰਭਾਵ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੇਮਡੇਸਿਵਿਰ ਦਵਾਈ ਦਾ ਅਮਰੀਕਾ, ਯੂਰਪ ਅਤੇ ਏਸ਼ੀਆ ਦੇ 68 ਥਾਵਾਂ 'ਤੇ 1063 ਲੋਕਾਂ 'ਤੇ ਟ੍ਰਾਇਲ ਕੀਤਾ ਗਿਆ ਹੈ, ਜਿਸ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇਹ ਦਵਾਈ ਜ਼ਿਆਦਾ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ। ਜ਼ਿਆਦਾ ਤੇਜ਼ੀ ਨਾਲ ਵਾਇਰਸ ਨੂੰ ਰੋਕ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ਼ ਦਈਏ ਕਿ ਰੇਮਡੇਸਿਵਿਰ ਇਬੋਲਾ ਦੇ ਟ੍ਰਾਇਲ ਵਿਚ ਫੇਲ ਹੋ ਗਈ  ਸੀ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਇਸ ਦਵਾਈ ਦਾ ਅਸਰ ਕੋਰੋਨਾ ਮਰੀਜ਼ਾਂ 'ਤੇ ਘੱਟ ਹੋ ਰਿਹਾ ਹੈ ਪਰ ਹੁਣ ਇਸ ਕਲੀਨਿਕਲ ਟ੍ਰਾਇਲ ਦੇ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਮਾਈਕਲ ਰੇਯਾਨ ਟਿੱਪਣੀ ਕਰਨ ਤੋਂ ਇਨਕਾਰ ਕਰ ਰਹੇ ਹਨ।


Vandana

Content Editor

Related News