ਸਿੱਖਸ ਆਫ ਅਮਰੀਕਾ ਨਵਜੋਤ ਸਿੰਘ ਸਿੱਧੂ ਨੂੰ ਕਰੇਗਾ ਗੋਲਡ ਮੈਡਲ ਨਾਲ ਸਨਮਾਨਿਤ : ਜੱਸੀ

11/30/2018 11:46:42 AM

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਸਿੱਖਸ ਆਫ ਅਮਰੀਕਾ ਸੰਸਥਾ ਦੇ ਡਾਇਰੈਕਟਰਾਂ ਦੀ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਇਕ ਹੰਗਾਮੀ ਮੀਟਿੰਗ ਹੋਈ। ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਦੇ ਕਮਿਸ਼ਨਰ ਵੀ ਹਨ। ਇਸ ਮੀਟਿੰਗ ਵਿਚ ਇਕ ਇਤਿਹਾਸਕ ਫੈਸਲਾ ਲਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਜਾਵੇ। ਜਿਸ ਨੇ ਕਰਤਾਰਪੁਰ ਲਾਂਘੇ ਨੂੰ ਖੁੱਲ੍ਹਵਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਫੈਸਲੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।

ਇਕ ਮਤੇ ਰਾਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਫ ਆਫ ਆਰਮੀ ਸਟਾਫ ਜਨਰਲ ਕੁਮਾਰ ਜਾਵੇਦ ਬਾਜਵਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਕੈਬਨਿਟ ਦੀ ਮੋਹਰ ਲਗਾਈ ਹੈ। ਸਿੱਖਸ ਆਫ ਅਮਰੀਕਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਪਲੇਠੀ ਮੀਟਿੰਗ ਤੇ ਵੀ ਇਸ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਤਾਕੀਦ ਕੀਤੀ ਸੀ। ਜੋ ਗੁਰੂ ਨਾਨਕ ਸਾਹਿਬ ਨੇ ਆਪ ਸਹਾਈ ਹੋ ਕੇ ਇਸ ਕਾਰਜ ਨੂੰ ਦੋਹਾਂ ਸਰਕਾਰਾਂ ਤੇ ਰਹਿਮਤ ਕਰਕੇ ਗੁਰੂਘਰਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਵਾਉਣ ਦਾ ਉਪਰਾਲਾ ਕੀਤਾ ਹੈ।

ਕੰਵਲਜੀਤ ਸਿੰਘ ਸੋਨੀ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਨਵਜੋਤ ਸਿੰਘ ਸਿੱਧੂ ਨੂੰ ਅਮਰੀਕਾ ਲਈ ਸੱਦਾ ਭੇਜੇਗੀ। ਉਨ੍ਹਾਂ ਦੀ ਸਹਿਮਤੀ ਮੁਤਾਬਕ ਹੀ ਇਕ ਪ੍ਰਭਾਵਸ਼ਾਲ਼ੀ ਸਮਾਗਮ ਵਾਸ਼ਿੰਗਟਨ ਡੀ. ਸੀ. ਵਿਚ ਰੱਖਿਆ ਜਾਵੇਗਾ। ਜਿਸ ਵਿਚ ਪੂਰੇ ਅਮਰੀਕਾ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹੋਣਗੀਆਂ। ਪੰਜ ਮੈਂਬਰੀ ਕਮੇਟੀ ਵਿਚ ਜਸਦੀਪ ਸਿੰਘ ਜੱਸੀ ਚੇਅਰਮੈਨ, ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ, ਬਲਜਿੰਦਰ ਸਿੰਘ ਸ਼ੰਮੀ ਡਾਇਰੈਕਟਰ, ਸਾਜਿਦ ਤਰਾਰ ਡਾਇਰੈਕਟਰ ਤੇ ਚਤਰ ਸਿੰਘ ਡਾਇਰੈਕਟਰ ਨੂੰ ਸ਼ਾਮਲ ਕੀਤਾ ਗਿਆ ਹੈ।ਜੋ ਸਰਦਾਰ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਨਾਲ ਸੰਪਰਕ ਕਰਕੇ ਇਸ ਮੈਡਲ ਸਮਾਰੋਹ ਨੂੰ ਅੰਤਿਮ ਰੂਪ ਦੇਣਗੇ।

ਸਿੱਖਸ ਆਫ ਅਮਰੀਕਾ ਦੀ ਸਮੁੱਚੀ ਟੀਮ ਨਵੇਂ ਸਾਲ ਦੀ ਆਮਦ ਤੇ ਭਾਰਤ ਅਤੇ ਪੰਜਾਬ ਦਾ ਦੌਰਾ ਕਰੇਗੀ, ਜਿੱਥੇ ਸੋਨ ਤਮਗੇ ਦੇ ਸਮਾਗਮ ਸਬੰਧੀ ਅਤੇ ਬਿਜ਼ਨੈੱਸ ਦੇ ਨਿਵੇਸ਼ ਸਬੰਧੀ ਪੰਜਾਬ ਕੈਬਨਿਟ ਨਾਲ ਵੀ ਰਾਬਤਾ ਕਾਇਮ ਕਰੇਗੀ ।ਇਸ ਸਮਾਗਮ ਨੂੰ ਇਤਿਹਾਸਕ ਬਣਾਉਣ ਸਬੰਧੀ ਵੀ ਸਲਾਹ ਮਸ਼ਵਰਾ ਕਰੇਗੀ।ਕਰਤਾਰਪੁਰ ਲਾਂਘਾ ਸਮੁੱਚੇ ਜਗਤ ਅਤੇ ਨਾਨਕ ਨਾਮ ਲੇਵਾ ਸੰਗਤਾਂ ਲਈ ਅਜਿਹਾ ਰਸਤਾ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਨੂੰ ਨਤਮਸਤਕ ਹੋਣ ਲਈ 71 ਸਾਲਾਂ ਤੋਂ ਜੋਦੜੀ ਕਰ ਰਿਹਾ ਸੀ। ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਅਜਿਹੇ ਦੂਤ ਹਨ।ਜਿਨ੍ਹਾਂ 'ਤੇ ਗੁਰੂ ਦੀ ਮਿਹਰ ਹੋਈ ਤਾਂ ਇਹ ਕਰਤਾਰਪੁਰ ਲਾਂਘਾ ਆਮ ਸੰਗਤਾਂ ਲਈ ਮਾਰਗ ਦਰਸ਼ਨ ਬਣ ਗਿਆ ।


Vandana

Content Editor

Related News