ਗੁਰਦੀਪ ਸਿੰਘ ਅਣਖੀਂ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਨਾਲ ਸਨਮਾਨਿਤ

01/03/2020 12:31:28 PM

ਫਰਿਜ਼ਨੋ (ਰਾਜ ਗੋਗਨਾ): ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਦੀ ਵਿਸ਼ੇਸ਼ ਇਕੱਤਰਤਾ ਸ. ਅਮੋਲਿਕ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਸਮੇਂ ਇਲਾਕੇ ਦੀਆ ਵੱਖ-ਵੱਖ ਸੰਸਥਾਵਾਂ ਦੇ ਨੁਮਾਇਦੇ, ਸਾਹਿੱਤਕਾਰ ਅਤੇ ਹੋਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਪ੍ਰੋਗਰਾਮ ਦੀ ਖਾਸੀਅਤ ਇਕ ਇਹ ਵੀ ਰਹੀ ਕਿ ਗ਼ਦਰ ਲਹਿਰ ਨੂੰ ਸਮਰਪਿਤ ਸੰਸਥਾ ‘ਇੰਡੋ-ਅਮੈਰੀਕਨ ਹੈਰੀਟੇਜ਼ ਫੋਰਮ, ਫਰਿਜ਼ਨੋ’ ਦੇ ਸੰਸਥਾਪਕ ਗੁਰਦੀਪ ਸਿੰਘ ਅਣਖੀਂ ਨੂੰ ਪ੍ਰਬੰਧਕਾਂ ਵੱਲੋਂ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਪ੍ਰੋਗਰਾਮ ਵਿਚ ਗੀਤਕਾਰ ਜਸਬੀਰ ਸਿੰਘ ਗੁਣਾਚੌਰੀਆ ਨੇ ਹਾਜਰੀਨ ਦੇ ਨਾਲ ਰੂਬਰੂ ਹੁੰਦੇ ਹੋਏ ਆਪਣੇ ਗੀਤਕਾਰੀ, ਸਾਹਿੱਤਕ ਸਫਰ ਦੀਆ ਯਾਦਾਂ ਨੂੰ ਸਾਂਝਾ ਕੀਤਾ ਅਤੇ ਗਾਇਕੀ ਰਾਹੀ ਸਾਂਝ ਪਾਈ। ਇਸੇ ਸਮੇਂ ਸਿੱਖ ਇਤਿਹਾਸ ਨੂੰ ਸਮਰਪਿਤ ਉਨ੍ਹਾਂ ਦੀ ਪੁਸਤਕ ‘ਹੱਸਦੇ ਸ਼ਹੀਦੀਆਂ ਪਾ ਗਏ’ ਲੋਕ ਅਰਪਣ ਕੀਤੀ ਗਈ। ਇਸ ਸਮੇਂ ਬੁਲਾਰਿਆਂ ਵਿੱਚ ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ, ਗੁਰਦੀਪ ਸਿੰਘ ਅਣਖੀਂ, ਜਸਬੀਰ ਗੁਣਾਚੌਰੀਆ, ਮਲਕੀਅਤ ਮੀਤ, ਸੁਖਬੀਰ ਭੰਡਾਲ ਆਦਿਕ ਨੇ ਬੋਲਦੇ ਹੋਏ ਚੰਗੇ ਸਮਾਜ ਦੀ ਸਿਰਜਣਾ ਲਈ ਚੰਗੇ ਸਾਹਿੱਤ ਅਤੇ ਗੀਤਕਾਰੀ ਨੂੰ ਸੁਣਨ ਅਤੇ ਪ੍ਰੋਮੋਟ ਕਰਨ ਦੀ ਗੱਲ ਕੀਤੀ। ਇਸ ਸਮੇਂ ਸ. ਗੁਰਦੀਪ ਸਿੰਘ ਅਣਖੀਂ ਦੇ ਆਪਣੀ ਸੰਸਥਾ ਪ੍ਰਤੀ ਸਮਰਪਰਣ ਅਤੇ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।

ਇਸ ਸਮੇਂ ਹਾਜ਼ਰ ਗਾਇਕਾਂ ਵਿੱਚ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਅਵਤਾਰ ਸਿੰਘ ਗਰੇਵਾਲ, ਗੌਗੀ ਸੰਧੂ, ਜਗਦੇਵ ਸਿੰਘ ਧੰਜ਼ਲ, ਗੁੱਲੂ ਬਰਾੜ, ਸਾਜਨ ਕੁਹਾਰ ਆਦਿਕ ਨੇ ਆਪਣੀ ਮਿਆਰੀ ਗਾਇਕੀ ਰਾਹੀਂ ਵੱਖ-ਵੱਖ ਰੰਗ ਬੰਨ੍ਹਦੇ ਹੋਏ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਜਦਕਿ ਕਵੀਆਂ ਵਿੱਚ ਹਰਜਿੰਦਰ ਕੰਗ, ਕੁਲਵੰਤ ਸੇਖੋ, ਹਰਜਿੰਦਰ ਢੇਸੀ ਆਦਿਕ ਨੇ ਕਵਿਤਾਵਾਂ ਪੜ੍ਹੀਆਂ। ਅੰਤ ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਕ ਸ. ਅਮੋਲਿਕ ਸਿੰਘ ਸਿੱਧੂ (ਭੋਲਾ) ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਚੰਗੀ ਸੋਚ ਅਪਣਾਉਣ, ਸਮਾਜ ਦੀ ਭਲਾਈ ਲਈ ਚੰਗੇ ਕਾਰਜਾਂ ਵਿੱਚ ਹਿੱਸਾ ਪਾਉਣ ਅਤੇ ਸਾਹਿੱਤਕ ਮਿਆਰੀ ਗਾਇਕੀ ਨੂੰ ਹਮੇਸਾ ਵਾਂਗ ਸਹਿਯੋਗ ਕਰਨ ਦੀ ਸਭ ਨੂੰ ਅਪੀਲ ਕੀਤੀ। ਸਟੇਜ਼ ਸੰਚਾਲਨ ਦੀ ਸੇਵਾ ਪੱਤਰਕਾਰ ਅਤੇ ਲੇਖਕ ਨੀਟਾ ਮਾਛੀਕੇ ਨੇ ਬਾਖੂਬੀ ਸ਼ਾਇਰਾਨਾ ਅੰਦਾਜ ਵਿੱਚ ਨਿਭਾਈ। ਅੰਤ ਆਪਣੀਆ ਅਮਿੱਟ ਪੈੜਾਂ ਛੱਡਦਾ ਹੋਇਆ ਇਹ ਸਮਾਗਮ ਰਾਤ ਦੇ ਸੁਆਦੀ ਭੋਜਨ ਨਾਲ ਯਾਦਗਾਰੀ ਹੋ ਨਿਬੜਿਆ।
 


Vandana

Content Editor

Related News