ਖਾੜੀ ਦੇਸ਼ਾਂ ’ਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਦਾ ਅਲਰਟ, ਅਚਾਨਕ ਵ੍ਹਾਈਟ ਹਾਊਸ ਪਰਤੇ ਟਰੰਪ
Sunday, Sep 20, 2026 - 09:07 PM (IST)
ਨਵੀਂ ਦਿੱਲੀ, (ਏਜੰਸੀ)-ਇਸਲਾਮਿਕ ਰਿਪਬਲਿਕ ਆਫ਼ ਈਰਾਨ ਬ੍ਰਾਡਕਾਸਟਿੰਗ (ਆਈ. ਆਰ. ਆਈ. ਬੀ.) ਮੁਤਾਬਕ ਮਿਡਲ ਈਸਟ ਵਿਚ ਵਧਦੇ ਤਣਾਅ ਕਾਰਨ ਅਮਰੀਕੀ ਦੂਤਘਰਾਂ ਨੇ ਨਾਗਰਿਕਾਂ ਦੀ ਸੁਰੱਖਿਆ ਲਈ ਅਲਰਟ ਜਾਰੀ ਕੀਤੇ ਹਨ। ਆਈ. ਆਰ. ਆਈ. ਬੀ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਵਿਚ ਲਿਖਿਆ ਕਿ ਮਿਡਲ ਈਸਟ ਵਿਚ ਵਧਦੇ ਤਣਾਅ ਕਾਰਨ, ਲਿਬਨਾਨ, ਬਹਿਰੀਨ, ਕੁਵੈਤ, ਜਾਰਡਨ, ਕਤਰ, ਇਰਾਕ, ਇਜ਼ਰਾਈਲ, ਓਮਾਨ, ਸਾਊਦੀ ਅਰਬ ਅਤੇ ਤੁਰਕੀ ਵਿਚ ਮੌਜੂਦ ਅਮਰੀਕੀ ਦੂਤਘਰਾਂ ਨੇ ਉੱਥੇ ਰਹਿਣ ਵਾਲੇ ਅਮਰੀਕੀ ਨਾਗਰਿਕਾਂ ਲਈ ਸੁਰੱਖਿਆ ਨਾਲ ਜੁੜੇ ਜ਼ਰੂਰੀ ਅਲਰਟ ਜਾਰੀ ਕੀਤੇ ਹਨ।
ਆਈ. ਆਰ. ਜੀ. ਸੀ. ਦੇ ਇਕ ਫ਼ੌਜੀ ਅਧਿਕਾਰੀ ਅਤੇ ਲੈਫ਼ਟੀਨੈਂਟ ਕਰਨਲ ਇਬਰਾਹਿਮ ਜੋਲਫ਼ਾਗਾਰੀ ਅਨੁਸਾਰ, ਈਰਾਨ ਨੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਦਿੱਤਾ ਹੈ। ਈਰਾਨ ਨੇ ਪਿਛਲੇ ਇਕ ਘੰਟੇ ਵਿਚ ਆਈ.ਆਰ.ਜੀ.ਸੀ., ਫ਼ੌਜ ਅਤੇ ਸੁਰੱਖਿਆ ਫੋਰਸਾਂ ਲਈ ਆਪਣਾ ਸਭ ਤੋਂ ਉੱਚਾ ਅਲਰਟ ਲੈਵਲ ‘ਕੋਡ 100’ ਜਾਰੀ ਕੀਤਾ ਹੈ। ਜੋਲਫ਼ਾਗਾਰੀ ਅਨੁਸਾਰ, ਟਰੰਪ ਅਚਾਨਕ ‘ਕੈਂਪ ਡੇਵਿਡ’ ਦੇ ਦੌਰੇ ਤੋਂ ਸ਼ਨੀਵਾਰ ਰਾਤ ਵ੍ਹਾਈਟ ਹਾਊਸ ਪਰਤ ਆਏ।
ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਆਪਣੀ ਅਮਰੀਕਾ ਯਾਤਰਾ ਸੀਮਤ ਕਰ ਦਿੱਤੀ ਹੈ ਅਤੇ ਇਜ਼ਰਾਈਲ ਪਰਤ ਰਹੇ ਹਨ। ਉੱਥੇ ਹੀ, ਇਰਾਕ ਵਿਚ ਅਮਰੀਕੀ ਦੂਤਘਰ ਅਤੇ ਕੌਂਸਲੇਟ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਮਿਡਲ ਈਸਟ ਵਿਚ ਤਣਾਅ ਕਾਰਨ ਸੁਰੱਖਿਆ ਸਥਿਤੀ ਜਟਿਲ ਬਣੀ ਹੋਈ ਹੈ ਅਤੇ ਕਿਸੇ ਵੀ ਸਮੇਂ ਸਥਿਤੀ ਅਚਾਨਕ ਵਿਗੜ ਸਕਦੀ ਹੈ, ਜੋ ਅਮਰੀਕੀ ਹੁਣ ਮਿਡਲ ਈਸਟ ਵਿਚ ਹਨ, ਉਨ੍ਹਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ ਅਤੇ ਫਲਾਈਟ ਰੱਦ ਹੋਣ, ਏਅਰਸਪੇਸ ਬੰਦ ਹੋਣ ਅਤੇ ਯਾਤਰਾ ਵਿਚ ਰੁਕਾਵਟ ਆਉਣ ਵਰਗੀਆਂ ਸੰਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
