ਚੀਨ ਲਈ ਖ਼ਤਰਾ ਬਣਿਆ AI ! ਦੇਸ਼ ''ਚ ਤੇਜ਼ੀ ਨਾਲ ਵਧਦੀ ਜਾ ਰਹੀ ਬੇਰੁਜ਼ਗਾਰੀ ਦੀ ਸਮੱਸਿਆ

Sunday, Sep 20, 2026 - 05:30 PM (IST)

ਚੀਨ ਲਈ ਖ਼ਤਰਾ ਬਣਿਆ AI ! ਦੇਸ਼ ''ਚ ਤੇਜ਼ੀ ਨਾਲ ਵਧਦੀ ਜਾ ਰਹੀ ਬੇਰੁਜ਼ਗਾਰੀ ਦੀ ਸਮੱਸਿਆ

ਇੰਟਰਨੈਸ਼ਨਲ ਡੈਸਕ- ਚੀਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ਦੇ ਤੇਜ਼ੀ ਨਾਲ ਹੋ ਰਹੇ ਪਸਾਰ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀਆਂ ਨੌਕਰੀਆਂ ਖੋਹੇ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਰਕਾਰ ਵੱਲੋਂ ਆਰਥਿਕਤਾ ਦੇ ਹਰ ਖੇਤਰ ਵਿੱਚ ਏ.ਆਈ. ਨੂੰ ਉਤਸ਼ਾਹਿਤ ਕਰਨ ਦੀ ਨੀਤੀ ਕਾਰਨ ਦੇਸ਼ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਹਾ ਹੈ।

ਮਾਰੀਕਟ ਰਿਸਰਚ ਫਰਮ IDC ਅਨੁਸਾਰ, ਚੀਨ ਦੀਆਂ ਉਦਯੋਗਿਕ ਕੰਪਨੀਆਂ 'ਚ ਏ.ਆਈ. ਮਾਡਲਾਂ ਦੀ ਵਰਤੋਂ 2024 ਵਿੱਚ 10 ਫ਼ੀਸਦੀ ਤੋਂ ਵੀ ਘੱਟ ਸੀ, ਜੋ 2025 ਵਿੱਚ ਵਧ ਕੇ 47.5 ਫ਼ੀਸਦੀ ਹੋ ਗਈ। ਕੰਪਨੀਆਂ ਖਰਚੇ ਘਟਾਉਣ ਅਤੇ ਉਤਪਾਦਨ ਵਧਾਉਣ ਲਈ R&D, ਮੈਨੂਫੈਕਚਰਿੰਗ ਅਤੇ ਸਪਲਾਈ ਚੇਨ ਵਿੱਚ AI ਦੀ ਵਰਤੋਂ ਕਰ ਰਹੀਆਂ ਹਨ।

ਸਾਫਟਵੇਅਰ ਡਿਵੈਲਪਮੈਂਟ, ਡਾਟਾ ਐਨਾਲਿਸਿਸ, ਪ੍ਰਸ਼ਾਸਕੀ ਕੰਮ ਅਤੇ ਬੁਨਿਆਦੀ ਕੋਡਿੰਗ ਵਰਗੀਆਂ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ਏ.ਆਈ. ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਬੀਜਿੰਗ ਦੇ 40 ਸਾਲਾ ਪ੍ਰੋਗਰਾਮਰ ਫੇਈ ਝਾਓਜੁਨ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਏ.ਆਈ. ਟੂਲਜ਼ ਦੇ ਆਉਣ ਤੋਂ ਬਾਅਦ ਉਸ ਦੀ ਕੰਪਨੀ ਨੇ 160 ਦੇ ਲਗਭਗ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ, ਕਿਉਂਕਿ ਮਿਡ-ਲੇਵਲ ਕੋਡਰਾਂ ਦਾ ਕੰਮ ਹੁਣ ਏ.ਆਈ. ਆਸਾਨੀ ਨਾਲ ਕਰ ਰਿਹਾ ਹੈ।

ਲੌਜਿਸਟਿਕਸ ਕੇਂਦਰਾਂ ਵਿੱਚ ਹਿਊਮਨੋਇਡ ਰੋਬੋਟ, ਟ੍ਰੈਫਿਕ ਪ੍ਰਬੰਧਨ ਵਿੱਚ ਆਟੋਨੋਮਸ ਮਸ਼ੀਨਾਂ ਅਤੇ ਸ਼ਹਿਰਾਂ ਵਿੱਚ ਫੂਡ ਡਿਲਿਵਰੀ ਰੋਬੋਟਾਂ ਦੀ ਵਰਤੋਂ ਵੱਧ ਰਹੀ ਹੈ, ਜਿਸ ਨਾਲ ਲੱਖਾਂ ਮਜ਼ਦੂਰਾਂ ਅਤੇ ਡਿਲਿਵਰੀ ਵਰਕਰਾਂ ਦਾ ਭਵਿੱਖ ਵੀ ਖ਼ਤਰੇ ਵਿੱਚ ਹੈ। ਚੀਨ 'ਚ ਆਮ ਸ਼ਹਿਰੀ ਬੇਰੋਜ਼ਗਾਰੀ ਦਰ ਲਗਭਗ 5 ਫ਼ੀਸਦੀ ਹੈ, ਪਰ 16 ਤੋਂ 24 ਸਾਲ ਦੇ ਨੌਜਵਾਨਾਂ 'ਚ ਬੇਰੋਜ਼ਗਾਰੀ ਦਰ 17.9 ਫ਼ੀਸਦੀ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਸਾਲ ਰਿਕਾਰਡ 1.27 ਕਰੋੜ ਨਵੇਂ ਯੂਨੀਵਰਸਿਟੀ ਗ੍ਰੈਜੂਏਟ ਲੇਬਰ ਮਾਰਕੀਟ 'ਚ ਆ ਰਹੇ ਹਨ, ਜਿਨ੍ਹਾਂ ਲਈ ਨੌਕਰੀਆਂ ਲੱਭਣਾ ਕਾਫ਼ੀ ਮੁਸ਼ਕਲ ਹੋ ਗਿਆ ਹੈ।

ਮਾਹਿਰਾਂ ਅਨੁਸਾਰ, ਚੀਨ ਦੀਆਂ ਲਗਭਗ 10 ਫ਼ੀਸਦੀ ਨੌਕਰੀਆਂ ਏ.ਆਈ. ਦੁਆਰਾ ਬਦਲੇ ਜਾਣ ਦੇ ਖ਼ਤਰੇ 'ਚ ਹਨ। ਅਰਥਸ਼ਾਸਤਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਏ.ਆਈ. ਨਾਲ ਉਤਪਾਦਕਤਾ ਵਧੇਗੀ, ਪਰ ਜੇਕਰ ਨਵੇਂ ਰੁਜ਼ਗਾਰ ਦੇ ਮੌਕੇ ਜਲਦੀ ਨਾ ਬਣਾਏ ਗਏ, ਤਾਂ ਵੱਡੀ ਪੱਧਰ 'ਤੇ ਬੇਰੋਜ਼ਗਾਰੀ ਸਮਾਜਿਕ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ।


author

Harpreet SIngh

Content Editor

Related News