ਅਫਗਾਨ ਹਮਲਾ : ਟਰੰਪ ਨੇ ਕੀਤੀ ਤਾਲਿਬਾਨ ਦੇ ਖਿਲਾਫ ਠੋਸ ਕਾਰਵਾਈ ਦੀ ਮੰਗ
Sunday, Jan 28, 2018 - 09:22 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦਾ ਅਪ੍ਰਤੱਖ ਤੌਰ 'ਤੇ ਜ਼ਿਕਰ ਕਰਦੇ ਹੋਏ ਹੋਰ ਦੇਸ਼ਾਂ ਨਾਲ ਤਾਲਿਬਾਨ ਅਤੇ ਉਸ ਦਾ ਸਮਰਥਨ ਕਰਨ ਵਾਲੇ ਅੱਤਵਾਦੀ ਢਾਂਚੇ ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਭੀੜ ਵਾਲੇ ਇਲਾਕੇ 'ਚ ਧਮਾਕਿਆਂ ਨਾਲ ਭਰੀ ਐਂਬੂਲੈਂਸ 'ਚ ਸ਼ਨੀਵਾਰ ਨੂੰ ਧਮਾਕਾ ਹੋ ਗਿਆ, ਜਿਸ 'ਚ ਘੱਟ ਤੋਂ ਘੱਟ 95 ਲੋਕ ਮਾਰੇ ਗਏ ਅਤੇ ਹੋਰ 158 ਹੋਰ ਲੋਕ ਜ਼ਖਮੀ ਹੋ ਗਏ। ਇਹ ਇਸ ਯੁੱਧਗ੍ਰਸਤ ਦੇਸ਼ 'ਚ ਹਾਲ ਦੇ ਸਾਲਾਂ 'ਚ ਹੋਇਆ ਸਭ ਤੋਂ ਵੱਡਾ ਹਮਲਾ ਹੈ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਬਾਅਦ ਟਰੰਪ ਨੇ ਇਕ ਵੱਡਾ ਬਿਆਨ ਦਿੱਤਾ।
ਟਰੰਪ ਨੇ ਕਿਹਾ,'' ਹੁਣ ਸਾਰੇ ਦੇਸ਼ਾਂ ਨੂੰ ਤਾਲਿਬਾਨ ਅਤੇ ਉਸ ਦੇ ਸਮਰਥਨ ਕਰਨ ਵਾਲੇ ਅੱਤਵਾਦੀ ਢਾਂਚੇ ਦੇ ਖਿਲਾਫ ਠੋਸ ਕਾਰਵਾਈ ਕਰਨੀ ਚਾਹੀਦੀ ਹੈ।'' ਅਮਰੀਕਾ ਅਤੇ ਅਫਗਾਨਿਸਤਾਨ ਦਾ ਦਾਅਵਾ ਹੈ ਕਿ ਤਾਲਿਬਾਨ ਪਾਕਿਸਤਾਨ ਦੇ ਅੰਦਰ ਅੱਤਵਾਦੀ ਪਨਾਹਗਾਹਾਂ ਦੇ ਕਾਰਣ ਅਜਿਹੇ ਹਮਲੇ ਕਰਦਾ ਰਿਹਾ ਹੈ। ਟਰੰਪ ਨੇ ਕਿਹਾ,''ਮੈਂ ਸ਼ਨੀਵਾਰ ਨੂੰ ਹੋਏ ਘ੍ਰਿਣਾਯੋਗ ਕਾਰ ਬੰਬ ਹਮਲੇ ਦੀ ਨਿੰਦਾ ਕਰਦਾ ਹਾਂ , ਜਿਸ 'ਚ ਕਈ ਨਿਰਦੋਸ਼ ਨਾਗਰਿਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। ਇਹ ਹਮਲਾ ਸਾਡੇ ਅਤੇ ਸਾਡੇ ਅਫਗਾਨ ਸਾਂਝੀਦਾਰਾਂ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ।'' ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਗੁਤਾਰੇਸ ਨੇ ਇਕ ਬਿਆਨ 'ਚ ਕਿਹਾ ਕਿ ਨਾਗਰਿਕਾਂ 'ਤੇ ਅੰਨ੍ਹੇਵਾਹ ਹਮਲੇ ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਦਾ ਗੰਭੀਰ ਉਲੰਘਣ ਹਨ ਅਤੇ ਇਸ ਨੂੰ ਨਿਆਂਸੰਗਤ ਨਹੀਂ ਠਹਿਰਾਇਆ ਜਾ ਸਕਦਾ।