Trump ਦੀ ਵਾਪਸੀ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ

Friday, Nov 29, 2024 - 01:44 PM (IST)

Trump ਦੀ ਵਾਪਸੀ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ

ਵਾਸ਼ਿੰਗਟਨ: ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਯੂਨੀਵਰਸਿਟੀਆਂ ਆਪਣੇ ਵਿਦਿਆਰਥੀਆਂ ਨੂੰ ਚਿਤਾਵਨੀ ਦੇ ਰਹੀਆਂ ਹਨ। ਯੂਨੀਵਰਸਿਟੀਆਂ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਨੂੰ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਵਾਪਸ ਆਉਣ ਲਈ ਕਹਿ ਰਹੀਆਂ ਹਨ। ਵਿਦਿਆਰਥੀਆਂ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਸੰਭਾਵਿਤ ਯਾਤਰਾ ਪਾਬੰਦੀਆਂ ਅਤੇ ਐਂਟਰੀ ਪੁਆਇੰਟਾਂ 'ਤੇ ਵਧੀ ਹੋਈ ਜਾਂਚ ਤੋਂ ਬਚਣ ਲਈ ਅਜਿਹਾ ਕਿਹਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਟਰੰਪ ਸੱਤਾ 'ਚ ਆਉਣਗੇ 'ਤਾਂ ਲੋਕਾਂ ਦਾ ਅਮਰੀਕਾ ਜਾਣਾ ਮੁਸ਼ਕਲ ਹੋ ਜਾਵੇਗਾ।

ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਅਧਿਕਾਰੀ ਚੋਣ ਮੁਹਿੰਮ ਦੌਰਾਨ ਟਰੰਪ ਦੀ ਉਸ ਧਮਕੀ ਤੋਂ ਪਰੇਸ਼ਾਨ ਹਨ ਜਿਸ ਵਿਚ ਉਨ੍ਹਾਂ ਨੇ ਅਮਰੀਕੀ ਇਤਿਹਾਸ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਦੀ ਗੱਲ ਕਹੀ ਸੀ। ਹਾਲਾਂਕਿ ਵੈਧ ਵੀਜ਼ਾ ਵਾਲੇ ਭਾਰਤੀ ਵਿਦਿਆਰਥੀਆਂ 'ਤੇ ਇਸ ਦਾ ਕੋਈ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਜੋਖਮ ਨਹੀਂ ਲੈਣਾ ਚਾਹੀਦਾ। ਬੀ.ਬੀ.ਸੀ ਨੇ ਹਾਇਰ ਐਡ ਇਮੀਗ੍ਰੇਸ਼ਨ ਪੋਰਟਲ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਇਸ ਸਮੇਂ 400,000 ਤੋਂ ਵੱਧ ਗੈਰ-ਦਸਤਾਵੇਜ਼ੀ ਵਿਦਿਆਰਥੀ ਅਮਰੀਕਾ ਦੀ ਉੱਚ ਸਿੱਖਿਆ ਵਿੱਚ ਦਾਖਲ ਹਨ।

ਇਹ ਚਿੰਤਾ ਉਦੋਂ ਵੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਪਹਿਲੀ ਵਾਰ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਚੀਨ ਦੇ ਮੁਕਾਬਲੇ ਵੱਧ ਗਿਆ ਹੈ। 2023-24 ਵਿਚਕਾਰ 2.7 ਲੱਖ ਚੀਨੀ ਵਿਦਿਆਰਥੀਆਂ ਦੇ ਮੁਕਾਬਲੇ 3.3 ਲੱਖ ਭਾਰਤੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਪਹੁੰਚੇ।

ਪੜ੍ਹੋ ਇਹ ਅਹਿਮ ਖ਼ਬਰ-Australia ਜਾ ਕੇ ਪੜ੍ਹਨਾ ਹੋਇਆ ਮਹਿੰਗਾ, ਸਰਕਾਰ ਨੇ ਵਧਾਈ ਵੀਜ਼ਾ ਫੀਸ 

ਜਲਦੀ ਸ਼ੁਰੂ ਹੋ ਜਾਣਗੀਆਂ ਕਲਾਸਾਂ 

ਕੁਝ ਸੰਸਥਾਵਾਂ ਨੇ ਟਰੰਪ ਦੀ ਵਾਪਸੀ ਤੋਂ ਪਹਿਲਾਂ ਆਪਣੇ ਅਕਾਦਮਿਕ ਕੈਲੰਡਰਾਂ ਨੂੰ ਐਡਜਸਟ ਕਰ ਲਿਆ ਹੈ। ਦ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਓਰੇਗਨ ਵਿੱਚ ਸਲੇਮ ਵਿਚ ਵਿਲਮੇਟ ਯੂਨੀਵਰਸਿਟੀ ਵਿੱਚ ਡੇਟਾ ਸਾਇੰਸ ਵਿੱਚ ਇੱਕ ਪੋਸਟ ਗ੍ਰੈਜੂਏਟ ਵਿਦਿਆਰਥੀ ਨੇ ਕਿਹਾ ਕਿ ਉਸ ਦੀਆਂ ਕਲਾਸਾਂ ਆਮ ਤੌਰ 'ਤੇ ਸਾਲ ਦੇ ਪਹਿਲੇ ਹਫ਼ਤੇ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ। ਹਾਲਾਂਕਿ ਇਸ ਵਾਰ ਅਕਾਦਮਿਕ ਪ੍ਰੋਗਰਾਮ 2 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਵਿਦਿਆਰਥੀ ਨੇ ਕਿਹਾ, 'ਸਾਡੇ ਪ੍ਰੋਫੈਸਰਾਂ ਮੁਤਾਬਕ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਬਾਅਦ ਆਉਣਾ ਜੋਖਮ ਭਰਿਆ ਹੋ ਸਕਦਾ ਹੈ।' ਯੇਲ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਇੱਕ ਵੱਖਰਾ ਸੈਸ਼ਨ ਵੀ ਆਯੋਜਿਤ ਕੀਤਾ।

ਫਲਾਈਟ ਦੀਆਂ ਟਿਕਟਾਂ ਹੋਈਆਂ ਮਹਿੰਗੀਆਂ 

ਮਾਈਕ੍ਰੋਬਾਇਲ ਪੈਥੋਜੈਨੀਸਿਟੀ ਦੇ 22 ਸਾਲਾ ਗ੍ਰੈਜੂਏਟ ਵਿਦਿਆਰਥੀ ਨੇ ਕਿਹਾ,'ਇਹ ਸਿਰਫ ਹਵਾਈ ਅੱਡਿਆਂ 'ਤੇ ਜਾਂ ਫਲਾਈਟ ਬੁਕਿੰਗ ਦੇ ਮਾਮਲੇ ਵਿਚ ਕਿਸੇ ਵੀ ਸੰਭਾਵੀ ਸਮੱਸਿਆ ਤੋਂ ਬਚਣ ਲਈ ਸੀ।' ਮੈਸੇਚਿਉਸੇਟਸ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿੱਚ ਇੱਕ ਗ੍ਰੈਜੂਏਟ ਵਿਦਿਆਰਥੀ ਐਸ. ਸਰਸਾਨ ਨੇ ਦੱਸਿਆ ਕਿ ਉਸ ਨੇ 10 ਜਨਵਰੀ ਨੂੰ ਆਪਣੀ ਵਾਪਸੀ ਦੀ ਟਿਕਟ ਬੁੱਕ ਕਰਵਾਈ ਸੀ। ਪਰ ਉਸਨੂੰ ਆਪਣਾ ਪਲਾਨ ਬਦਲਣਾ ਪਿਆ। ਉਸ ਨੇ ਦੱਸਿਆ,“ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਹਨ। ਮੈਂ ਲਗਭਗ 35000 ਰੁਪਏ ਦਾ ਭੁਗਤਾਨ ਕੀਤਾ ਹੈ। ਸਾਡੇ ਪ੍ਰੋਫੈਸਰਾਂ ਨੇ ਦੱਸਿਆ ਕਿ ਸੁਰੱਖਿਆ ਮਾਮਲਿਆਂ 'ਚ ਹੋਰ ਜਾਂਚ ਹੋ ਸਕਦੀ ਹੈ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News