ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ 11 ਮਈ ਨੂੰ ਸਜਾਏ ਜਾਣਗੇ ਅਲੌਕਿਕ ਨਗਰ ਕੀਰਤਨ

Wednesday, Apr 23, 2025 - 11:50 PM (IST)

ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ 11 ਮਈ ਨੂੰ ਸਜਾਏ ਜਾਣਗੇ ਅਲੌਕਿਕ ਨਗਰ ਕੀਰਤਨ

ਰੋਮ, (ਕੈਂਥ)-ਸੰਨ 1699 ਈ: ਦੀ ਵਿਸਾਖੀ ਨੂੰ ਸਾਹਿਬ-ਏ-ਕਮਾਲ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਜੇ ਗਏ ਖਾਲਸੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸ ਲੜੀ ਨੂੰ ਸਮਰਪਿਤ ਰਾਜਧਾਨੀ ਰੋਮ ਦੇ ਨਜ਼ਦੀਕ ਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 11 ਮਈ 2025 ਦਿਨ ਐਤਵਾਰ ਨੂੰ ਅਲੌਕਿਕ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 9 ਮਈ ਸਵੇਰੇ 10 ਵਜੇ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 11 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਭੋਗ ਉਪਰੰਤ ਲਗਭਗ ਸਵੇਰੇ 11 ਵਜੇ ਪੰਜ ਨਿਸ਼ਾਨਚੀ ਸਿੰਘਾਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਅਤੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੋ ਕਿ ਨਗਰ ਦੀ ਪਰਿਕਰਮਾ ਕਰਦੇ ਹੋਏ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ “ ਪਾਰਕੋ ਮਿੱਲੈ “ ਪਾਰਕ ਪਹੁੰਚਣ ਉਪਰੰਤ ਪੜਾਅ ਕੀਤਾ ਜਾਵੇਗਾ । ਇਸ ਮੌਕੇ ਭਾਈ ਮੰਗਲਜੀਤ ਸਿੰਘ ਦੇ ਢਾਡੀ ਜਥੇ ਵੱਲੋਂ ਖ਼ਾਲਸੇ ਦੇ ਸਿਰਜਣਾ ਦਿਹਾੜੇ ਦਾ ਇਤਿਹਾਸ ਸੰਗਤਾਂ ਨੂੰ ਜ਼ੋਸ਼ੀਲੇ ਅੰਦਾਜ਼ ਵਿੱਚ ਸੁਣਾ ਕੇ ਨਿਹਾਲ ਕੀਤਾ ਜਾਵੇਗਾ ਤੇ ਗੱਤਕੇ ਵਾਲੇ ਜਥੇ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਜਾਣਗੇ।  ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ।


author

SATPAL

Content Editor

Related News