ਦਰਦਨਾਕ ਹਾਦਸਾ : ਖਾਣਾ ਬਣਾਉਂਦੇ ਸਮੇਂ ਲੱਗੀ ਭਿਆਨਕ ਅੱਗ, ਔਰਤ ਸਣੇ 4 ਮਾਸੂਮ ਜ਼ਿੰਦਾ ਸੜੇ
Wednesday, Mar 05, 2025 - 11:27 PM (IST)

ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਖਾਨਾਬਦੋਸ਼ ਦੇ ਅਸਥਾਈ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਅਤੇ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਤੋਂ ਲਗਭਗ 600 ਕਿਲੋਮੀਟਰ ਦੂਰ ਚੋਲਿਸਤਾਨ ਦੇ ਟੋਬਾ ਕਾਸਿਮਵਾਲਾ ਵਿੱਚ ਵਾਪਰੀ। 'ਰੈਸਕਿਊ 1122' ਦੇ ਅਨੁਸਾਰ, ਅਸਥਾਈ ਰਿਹਾਇਸ਼ ਵਿੱਚ ਜਦੋਂ ਔਰਤ ਖਾਣਾ ਬਣਾ ਰਹੀ ਸੀ, ਉਸ ਸਮੇਂ ਅੱਗ ਲੱਗ ਗਈ।
ਇਕ ਬੁਲਾਰੇ ਨੇ ਦੱਸਿਆ ਕਿ ਹਵਾ ਕਾਰਨ ਅੱਗ ਦੂਜੇ ਸਥਾਈ ਘਰਾਂ ਤਕ ਫੈਲ ਗਈ, ਜਿਸਦੇ ਨਤੀਜੇਵਜੋਂ ਔਰਤ ਸਣੇ ਇਕ ਤੋਂ ਚਾਰ ਸਾਲ ਦੀ ਉਮਰ ਦੇ 4 ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਖਾਨਾਬਦੋਸ਼ਾਂ ਦੇ ਕਈ ਅਸਥਾਈ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਅਤੇ ਕਈ ਪਰਿਵਾਰ ਆਪਣੀ ਜਾਨ ਬਚਾਉਣ ਲਈ ਦੌੜੇ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਘਟਨਾ 'ਤੇ ਦੁਖ ਜਤਾਇਆ ਅਤੇ ਸੰਬਧਿਤ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਦਾ ਹੁਕਮ ਦਿੱਤਾ।